ਜ਼ੀਰਕਪੁਰ, 28 ਮਈ (ਹੈਪੀ ਪੰਡਵਾਲਾ)-ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੇ ਪੁੱਤਰ ਅਤੇ ਸੀਨੀਅਰ ਯੂਥ ਆਗੂ ਹਰਦੀਪ ਸਿੰਘ ਸੈਣੀ ਨੇ ਕਿਹਾ ਕਿ 'ਵਿਕਸਿਤ ਭਾਰਤ 2047' ਦੇ ਦਿ੍ਸ਼ਟੀਕੋਣ ਅਤੇ ਭਾਰਤ ਨੂੰ ਇਕ ਵਿਸ਼ਵ ਸ਼ਕਤੀ ਵਜੋਂ ਉਭਾਰਨ 'ਚ ਪੰਜਾਬ ਦੀ ਅਹਿਮ ਭੂਮਿਕਾ ਹੋਵੇਗੀ | ਉਨ੍ਹਾਂ ਕਿਹਾ ਕਿ ਅੱਜ ਭਾਰਤ ਬੁਨਿਆਦੀ ਢਾਂਚੇ, ਡਿਜ਼ੀਟਲ ਤਕਨਾਲੋਜੀ, ਨਿਰਮਾਣ, ਰੱਖਿਆ, ਰੇਲਵੇ, ਹਵਾਈ ਅੱਡੇ ਤੇ ਸਕਿੱਲ ਡਿਵੈਲਪਮੈਂਟ 'ਚ ਵੱਡੇ ਨਿਵੇਸ਼ਾਂ ਰਾਹੀਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ-ਵਿਵਸਥਾਵਾਂ 'ਚੋਂ ਨੰਬਰ ਇਕ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਵਿਕਸਿਤ ਭਾਰਤ ਦਾ ਸੁਪਨਾ ਸਿਰਫ਼ ਆਰਥਿਕ ਤਰੱਕੀ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਦਾ ਅਸਲ ਮਨੋਰਥ ਪਿੰਡਾਂ, ਨੌਜਵਾਨਾਂ, ਕਿਸਾਨਾਂ, ਔਰਤਾਂ ਤੇ ਉਦਯੋਗਾਂ ਨੂੰ ਸਸ਼ਕਤ ਬਣਾਉਣਾ ਤੇ ਹਰ ਨਾਗਰਿਕ ਲਈ ਤਰੱਕੀ ਦੇ ਬਰਾਬਰ ਮੌਕੇ ਪੈਦਾ ਕਰਨਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ 'ਚ ਦੇਸ਼ ਦਾ ਇਕ ਵੱਡਾ ਵਿਕਾਸ ਇੰਜਣ ਬਣਨ ਦੀ ਸੰਭਾਵਨਾ ਹੈ | ਪੰਜਾਬ ਦੇ ਮਿਹਨਤੀ ਕਿਸਾਨ, ਉੱਦਮੀ, ਪ੍ਰਵਾਸੀ ਭਾਰਤੀ, ਉਦਯੋਗਪਤੀ ਤੇ ਨੌਜਵਾਨ ਮਿਲ ਕੇ ਰਾਜ ਨੂੰ ਖੇਤੀਬਾੜੀ ਤਕਨਾਲੋਜੀ, ਫ਼ੂਡ ਪ੍ਰੋਸੈਸਿੰਗ, ਸਿਹਤ ਸੰਭਾਲ, ਸੈਰ-ਸਪਾਟਾ, ਖੇਡਾਂ ਤੇ ਸਿੱਖਿਆ ਦੇ ਮੁੱਖ ਕੇਂਦਰ 'ਚ ਬਦਲਣ 'ਚ ਵੱਡਾ ਯੋਗਦਾਨ ਪਾ ਸਕਦੇ ਹਨ | ਹਰਦੀਪ ਸਿੰਘ ਸੈਣੀ ਨੇ ਪੰਜਾਬ ਦੇ ਮੌਜੂਦਾ ਹਾਲਾਤ ਬਾਬਤ ਕਿਹਾ ਕਿ ਸੂਬੇ 'ਚੋਂ ਨੌਜਵਾਨਾਂ ਦੇ ਪ੍ਰਵਾਸ ਨੂੰ ਰੋਕਣ ਲਈ ਬਿਹਤਰ ਬੁਨਿਆਦੀ ਢਾਂਚੇ, ਆਧੁਨਿਕ ਉਦਯੋਗਿਕ ਨੀਤੀਆਂ, ਮਜ਼ਬੂਤ ਕਾਨੂੰਨ ਵਿਵਸਥਾ, ਹੁਨਰ ਵਿਕਾਸ, ਸਟਾਰਟਅੱਪ ਸਹਾਇਤਾ ਤੇ ਨਿਵੇਸ਼ ਅਨੁਕੂਲ ਸ਼ਾਸਨ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਪੰਜਾਬ ਦੇ ਅੰਦਰ ਹੀ ਰੁਜ਼ਗਾਰ ਦੇ ਮੌਕੇ ਮਿਲ ਸਕਣ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਪੰਜਾਬ 'ਚ ਸੱਤਾ ਸੰਭਾਲਦੀ ਹੈ ਤਾਂ ਸੂਬੇ ਨੂੰ ਕੇਂਦਰ ਸਰਕਾਰ ਨਾਲ ਨੇੜਲੇ ਨੀਤੀਗਤ ਤਾਲਮੇਲ ਦਾ ਸਿੱਧਾ ਫ਼ਾਇਦਾ ਮਿਲੇਗਾ | ਉਨ੍ਹਾਂ ਆਖਿਆ ਕਿ ਪੰਜਾਬ ਨੇ ਹਰੀ ਕ੍ਰਾਂਤੀ ਦੌਰਾਨ ਪੂਰੇ ਭਾਰਤ ਦੀ ਅਗਵਾਈ ਕੀਤੀ ਸੀ | ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਮੁੜ ਵਿਕਾਸ ਤੇ ਖੁਸ਼ਹਾਲੀ ਦਾ ਪ੍ਰਤੀਕ ਬਣੇ | ਇਕ ਦੂਰਦਰਸ਼ੀ ਲੀਡਰਸ਼ਿਪ, ਇਮਾਨਦਾਰ ਸ਼ਾਸਨ ਤੇ ਸਮੂਹਿਕ ਯਤਨਾਂ ਨਾਲ ਅਸੀਂ 2047 ਤੱਕ 'ਵਿਕਸਿਤ ਭਾਰਤ' ਦੇ ਸੁਪਨੇ 'ਚ ਹਿੱਸਾ ਪਾਉਂਦਿਆਂ ਇਕ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਾਂਗੇ |