ਪੰਚਕੂਲਾ, 28 ਮਈ (ਕਪਿਲ)- ਪੰਚਕੂਲਾ ਦੇ ਸੈਕਟਰ-14 ਥਾਣੇ ਦੀ ਪੁਲਿਸ ਨੇ ਸੈਕਟਰ-12ਏ ਸਥਿਤ ਮੰਦਰ 'ਚ ਹੋਈ ਲੱਖਾਂ ਰੁ. ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆ ਚੁੱਕੀ ਹੈ ਜਿਸ 'ਚ ਸਾਫ਼ ਦਿਖਾਈ ਦਿੰਦਾ ਹੈ ਕਿ ਰਾਤ ਨੂੰ ਚੋਰ ਮੰਦਰ 'ਚ ਦਾਖ਼ਲ ਹੁੰਦਾ ਹੈ ਤੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਜਾਂਦਾ ਹੈ | ਘਟਨਾ ਤੋਂ ਬਾਅਦ ਸੈਕਟਰ-14 ਥਾਣੇ ਦੀ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ ਇਕ ਸੋਨੇ ਦੀ ਚੇਨ, ਸੋਨੇ ਦਾ ਮੰਗਲ-ਸੂਤਰ, ਕੰਨਾਂ ਦੇ ਟਾਪਸ, ਨੱਕ ਦੀ ਨੱਥ, ਸੋਨੇ ਦੀਆਂ ਚੂੜੀਆਂ ਤੇ ਚਾਂਦੀ ਦੇ ਮੁਕਟ ਬਰਾਮਦ ਕੀਤੇ ਹਨ | ਬਰਾਮਦ ਸਾਮਾਨ ਦੀ ਕੀਮਤ ਕਰੀਬ 10 ਲੱਖ ਦੱਸੀ ਜਾ ਰਹੀ ਹੈ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਹਿਲਾਂ ਵੀ ਮੰਦਰ 'ਚ ਚੋਰੀ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕੇ 'ਤੇ ਚੌਕੀਦਾਰ ਦੇ ਆ ਜਾਣ ਕਾਰਨ ਉਹ ਅਸਫ਼ਲ ਹੋ ਗਿਆ ਸੀ | ਇਸ ਤੋਂ ਬਾਅਦ ਉਸ ਨੇ ਦੁਬਾਰਾ ਮੌਕਾ ਵੇਖ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਪੁਲਿਸ ਮੁਤਾਬਿਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਇਕ ਮਾਮਲਾ ਦਰਜ ਹੈ | ਫ਼ਿਲਹਾਲ ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |