ਪੰਚਕੂਲਾ, 28 ਮਈ (ਕਪਿਲ)- ਪੰਚਕੂਲਾ ਦੇ ਸੈਕਟਰ-11 ਵਿਖੇ ਇਕ ਉਸਾਰੀ ਅਧੀਨ ਮਕਾਨ ਦੀ ਛੱਤ ਤੋਂ ਇਕ ਵਿਅਕਤੀ ਦੀ ਖ਼ੂਨ ਨਾਲ ਲਥਪਥ ਲਾਸ਼ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ | ਮਿ੍ਤਕ ਦੀ ਪਛਾਣ ਦਨ ਬਹਾਦੁਰ ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ ਇਥੇ ਚੌਕੀਦਾਰ ਵਜੋਂ ਕੰਮ ਕਰਦਾ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਡਾਇਲ-112 ਦੀ ਟੀਮ ਮੌਕੇ 'ਤੇ ਪੁੱਜੀ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਣ ਤੋਂ ਬਾਅਦ ਸੈਕਟਰ-10 ਵਿਚਲੀ ਪੁਲਿਸ ਚੌਕੀ ਤੇ ਸੈਕਟਰ-5 ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਦੋਂ ਪੁਲਿਸ ਟੀਮ ਨੇ ਜਾਂਚ ਕੀਤੀ ਤਾਂ ਮਿ੍ਤਕ ਦੇ ਸਰੀਰ 'ਤੇ ਕਈ ਵਾਰ ਕੀਤੇ ਗਏ ਸਨ | ਇਸੇ ਦੌਰਾਨ ਫੋਰੈਂਸਿਕ ਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਨੂੰ ਵੀ ਮੌਕੇ 'ਤੇ ਸੱਦਿਆ ਗਿਆ | ਇਸ ਸੰਬੰਧ 'ਚ ਗੱਲਬਾਤ ਕਰਦਿਆਂ ਸੈਕਟਰ-5 ਥਾਣੇ ਦੇ ਇੰਚਾਰਜ ਰੂਪੇਸ਼ ਚੌਧਰੀ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਮਾਮਲਾ ਕਤਲ ਦਾ ਜਾਪ ਰਿਹਾ ਹੈ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ ਹੈ |