ਐੱਸ. ਏ. ਐੱਸ. ਨਗਰ, 29 ਮਈ (ਤਰਵਿੰਦਰ ਸਿੰਘ ਬੈਨੀਪਾਲ)- ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਅੱਜ ਆਈ.ਪੀ.ਐਲ.-2026 ਦੇ ਗੁਜਰਾਤ ਟਾਈਟਨਜ਼ ਤੇ ਰਾਜਸਥਾਨ ਰਾਇਲਜ਼ ਵਿਚਕਾਰ ਖੇਡੇ ਗਏ ਕੁਆਲੀਫ਼ਾਈ-2 ਮੁਕਾਬਲੇ ਦੌਰਾਨ ਸਟੇਡੀਅਮ ਦਰਸ਼ਕਾਂ ਨਾਲ ਖਚਾਖੱਚ ਭਰ ਗਿਆ | ਇਸ ਸਟੇਡੀਅਮ ਵਿਚ ਆਈ. ਪੀ. ਐਲ.-2026 ਦਾ ਇਹ ਆਖ਼ਰੀ ਮੈਚ ਹੋਣ ਕਾਰਨ ਦਰਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਪਿਛਲੇ ਮੈਚ ਨਾਲੋਂ ਅੱਜ ਪੰਜਾਬ ਦੇ ਦਰਸ਼ਕਾਂ ਖ਼ਾਸ ਕਰਕੇ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਦੇ ਪ੍ਰਸੰਸਕਾਂ ਦੀ ਗਿਣਤੀ ਜ਼ਿਆਦਾ ਰਹੀ | ਇਸ ਮੌਕੇ ਵੱਡੀ ਗਿਣਤੀ ਪ੍ਰਸੰਸਕ ਸ਼ੁਭਮਨ ਗਿੱਲ ਦੇ ਨਾਂਅ ਵਾਲੀਆਂ ਟੀ-ਸ਼ਰਟਾਂ ਪਾ ਕੇ ਸਟੇਡੀਅਮ ਪਹੁੰਚੇ ਹੋਏ ਸਨ | ਇਸ ਮੁਕਾਬਲੇ ਨੂੰ ਦੇਖਣ ਲਈ ਰਾਜਸਥਾਨ ਤੋਂ ਵੀ ਵੱਡੀ ਗਿਣਤੀ 'ਚ ਦਰਸ਼ਕ ਪੁੱਜੇ ਹੋਏ ਸਨ | ਪਹਿਲੀ ਪਾਰੀ ਦੌਰਾਨ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਇਕ ਵਾਰ ਫ਼ਿਰ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ ਤੇ ਉਹ 47 ਗੇਂਦਾਂ 'ਚ 8 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 96 ਦੌੜਾਂ ਬਣਾ ਕੇ ਆਊਟ ਹੋ ਗਏ |