ਖਰੜ, 31 ਮਈ (ਜੰਡਪੁਰੀ)- ਪੰਜਾਬ ਦੇ ਸਾਬਕਾ ਖੇਡ ਮੰਤਰੀ ਜਗਮੋਹਨ ਸਿੰਘ ਕੰਗ ਨੇ ਭਾਰਤ ਦੇ ਪ੍ਰਮੁੱਖ ਖੇਡ ਪ੍ਰਸ਼ਾਸਕ ਅਤੇ ਓਲੰਪੀਅਨ ਸਾਬਕਾ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦੇ ਅਚਾਨਕ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਜਾ ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਸਨ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ | ਉਨ੍ਹਾਂ ਦੇ ਜਾਣ ਨਾਲ ਸ਼ਾਹੀ ਪਰਿਵਾਰ, ਖਾਸ ਤੌਰ 'ਤੇ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੀ ਕੈਪਟਨ ਸਰਕਾਰ 'ਚ ਬਤੌਰ ਖੇਡ ਮੰਤਰੀ ਹੁੰਦਿਆਂ ਰਾਜਾ ਰਣਧੀਰ ਸਿੰਘ ਸਮੇਤ ਸੂਬੇ ਅਤੇ ਨੈਸ਼ਨਲ ਪੱਧਰ 'ਤੇ ਖੇਡ ਜਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ | ਉਨ੍ਹਾਂ ਕਿਹਾ ਕਿ ਰਾਜਾ ਰਣਧੀਰ ਸਿੰਘ ਬਹੁਤ ਹਲੀਮੀ ਵਾਲੇ ਮਿਲਣਸਾਰ ਖਿਡਾਰੀ ਸਨ | ਉਹ ਸਮੁੱਚੇ ਖੇਡ ਜਗਤ ਲਈ ਸਮਰਪਿਤ ਤੇ ਪ੍ਰੇਰਨਾ ਸ੍ਰੋਤ ਸਨ ਅਤੇ ਖੇਡ ਜਗਤ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦਾ ਹਮੇਸ਼ਾ ਵੱਡਮੁੱਲਾ ਯੋਗਦਾਨ ਰਿਹਾ ਹੈ | ਉਨ੍ਹਾਂ ਅਰਜਨ ਐਵਾਰਡੀ ਰਾਜਾ ਰਣਧੀਰ ਸਿੰਘ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਭਾਰਤੀ ਓਲੰਪੀਕ ਐਸੋਸੀਏਸ਼ਨ ਦੇ ਲੰਮਾ ਸਮਾਂ ਸਕੱਤਰ ਜਨਰਲ, ਏਸ਼ਿਆਈ ਓਲੰਪੀਕ ਕੌਂਸਲ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਉਨ੍ਹਾਂ ਕਿਹਾ ਕਿ ਆਪਣੇ ਪਿਤਾ ਰਾਜਾ ਭਲਿੰਦਰ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚਲਦਿਆਂ ਰਾਜਾ ਰਣਧੀਰ ਸਿੰਘ ਨੇ ਭਾਰਤੀ ਖੇਡਾਂ ਨੂੰ ਜੋ ਨਵੀਂ ਦਿਸ਼ਾ ਦਿੱਤੀ ਹੈ, ਉਹ ਸੁਨਹਿਰੇ ਅੱਖਰਾਂ 'ਚ ਲਿਖੀ ਜਾਵੇਗੀ |