ਐੱਸ. ਏ. ਐੱਸ. ਨਗਰ, 31 ਮਈ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਨਗਰ ਨਿਗਮ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਤਸੱਲੀਬਖਸ਼ ਕਰਾਰ ਦਿੰਦਿਆਂ ਕਿਹਾ ਕਿ ਨਿਗਮ ਚੋਣਾਂ ਅੰਦਰ ਪੂਰੀ ਸਰਕਾਰੀ ਮਸ਼ੀਨਰੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਦਬਾਅ ਹੇਠ ਕੰਮ ਕਰ ਰਹੀ ਸੀ ਅਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਭੂਮਿਕਾ ਨਿਭਾਉਣ 'ਚ ਲੱਗੇ ਹੋਏ ਸਨ, ਪਰ ਇੰਨੀ ਧੱਕੇਸ਼ਾਹੀ ਦੇ ਬਾਵਜੂਦ ਜਿੱਥੇ 12 ਕਾਂਗਰਸੀ ਆਗੂ ਜਿੱਤਣ ਵਿਚ ਕਾਮਯਾਬ ਰਹੇ, ਉਥੇ ਹੀ ਕਈ ਕਾਂਗਰਸੀ ਉਮੀਦਵਾਰ ਬਹੁਤ ਹੀ ਥੋੜ੍ਹੇ ਫ਼ਰਕ ਨਾਲ ਚੋਣ ਜਿੱਤਣ ਤੋਂ ਖੁੰਝ ਗਏ | ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਨੂੰ ਮਿਲੇ ਭਾਰੀ ਜਨ ਸਮਰਥਨ ਤੇ ਵੋਟਾਂ ਨਾਲ ਇਹ ਗੱਲ ਸਾਬਿਤ ਹੋ ਗਈ ਹੈ ਕਿ ਜੇਕਰ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਹੁੰਦੀਆਂ ਤਾਂ ਯਕੀਨਨ ਕਾਂਗਰਸ ਪਾਰਟੀ ਨਿਗਮ 'ਤੇ ਕਾਬਜ਼ ਹੁੰਦੀ | ਉਨ੍ਹਾਂ ਚੋਣਾਂ ਅੰਦਰ ਸਰਕਾਰੀ ਧੱਕੇਸ਼ਾਹੀ ਦਾ ਸਾਹਮਣਾ ਕਰਨ ਲਈ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਜ਼ਿਆਦਾ ਦੂਰ ਨਹੀਂ ਤੇ ਜਿਸ ਤਰ੍ਹਾਂ ਕਾਂਗਰਸੀ ਵਰਕਰ ਡੱਟੇ ਹੋਏ ਹਨ, ਉਸ ਤੋਂ ਸੱਪਸ਼ਟ ਪ੍ਰਤੀਤ ਹੋ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਅੰਦਰ ਝਾੜੂ ਤੀਲ੍ਹਾ ਤੀਲ੍ਹਾ ਹੋ ਕੇ ਖਿੱਲਰ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਕਾਂਗਰਸ ਪਾਰਟੀ ਪੂਰਨ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ |