ਚੰਡੀਗੜ੍ਹ, 31 ਮਈ (ਔਜਲਾ) -ਪ੍ਰਸਿੱਧ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ ਦੀ ਯਾਦ ਵਿਚ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਵਿਚ ਕਿ੍ਸਮਿਸ ਟ੍ਰੀ ਲਾਇਆ ਗਿਆ | ਰੂਪ ਹੋਰਾਂ ਦੇ ਪੁੱਤਰਾਂ ਸੰਜੀਵਨ ਤੇ ਰੰਜੀਵਨ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ੳਨ੍ਹਾਂ ਦੀ ਦੇਹ ਪੀ. ਜੀ. ਆਈ. ਚੰਡੀਗੜ੍ਹ ਨੂੰ ਖੋਜ ਕਾਰਜਾਂ ਵਾਸਤੇ ਦਾਨ ਦਿੱਤੀ ਗਈ | ਸ੍ਰੀ ਰੂਪ ਦੇ ਵਡੇ ਭਰਾ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿਚ ਪੀ.ਜੀ.ਆਈ ਨੂੰ ਦਾਨ ਕੀਤਾ ਗਿਆ ਸੀ | ਜ਼ਿਕਰਯੋਗ ਹੈ ਕਿ ਰੂਪ ਹੋਰਾਂ ਆਪਣੇ 70 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਦਰਜਨ ਤੋਂ ਵੱਧ ਪੁਸਤਕਾਂ ਲਿਖਣ ਤੋਂ ਇਲਾਵਾ ਆਪਣੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਦੇ ਤੁਰ ਜਾਣ ਤੋਂ ਚਾਰ ਦਹਾਕਿਆਂ ਬਾਅਦ ਉਨ੍ਹਾਂ ਦੀ ਕਵਿਤਾਵਾਂ ਦੀ ਪੁਸਤਕ 'ਧੂੜ ਹੇਠਲੀ ਕਵਿਤਾ' ਸੰਪਾਦ ਕਰਕੇ ਛਪਵਾਈ | ਰਿਪੁਦਮਨ ਸਿੰਘ ਦੀਆਂ ਤਿੰਨ ਕਿਤਾਬਾਂ (ਵਾਰਤਕ, ਕਹਾਣੀਆਂ-ਕਵਿਤਾਵਾਂ ਤੇ ਨਾਵਲ) ਛਪਾਈ ਅਧੀਨ ਹਨ | ਉਨ੍ਹਾਂ ਦੇ ਪੁੱਤਰਾਂ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ ਵੀ ਬਣਾਉਂਣ ਦੀ ਯੋਜਨਾ ਬਣਾਈ ਜਾ ਰਹੀ ਹੈ | ਰਿਪੁਦਮਨ ਸਿੰਘ ਰੂੂਪ ਸਮਰਿਤੀ ਸਮਾਗਮ 5 ਜੂਨ ਨੂੰ ਸਵੇਰੇ 10.30 ਵਜੇ ਕਿਸਾਨ ਭਵਨ, ਸੈਕਟਰ 35 ਚੰਡੀਗੜ੍ਹ ਵਿਖੇ ਹੋਵੇਗਾ |