ਪੰਚਕੂਲਾ, 31 ਮਈ (ਕਪਿਲ)- ਮੀਡੀਆ ਵੈਲਬੀਇੰਗ ਐਸੋਸੀਏਸ਼ਨ ਵਲੋਂ ਪੰਚਕੂਲਾ ਸਥਿਤ ਰੈੱਡ ਬਿਸ਼ਪ 'ਚ ਪੱਤਰਕਾਰ ਸੰਮੇਲਨ ਸੱਦਿਆ ਗਿਆ ਜਿਸ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਪੱਤਰਕਾਰਤਾ ਦੇ ਬਦਲਦੇ ਸਰੂਪ ਤੇ ਪੱਤਰਕਾਰ ਭਲਾਈ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਥਾਰ ਸਹਿਤ ਚਰਚਾ ਹੋਈ | ਪ੍ਰੋਗਰਾਮ 'ਚ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਪੱਤਰਕਾਰਾਂ ਨੇ ਸ਼ਿਰਕਤ ਕੀਤੀ | ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਏ.ਆਈ. ਸਿਰਫ਼ ਇਕ ਤਕਨੀਕੀ ਸਾਧਨ ਹੈ ਜਿਸ ਦਾ ਸਹੀ ਜਾਂ ਗ਼ਲਤ ਇਸਤੇਮਾਲ ਮਨੁੱਖ ਦੇ ਹੱਥ 'ਚ ਹੈ | ਉਨ੍ਹਾਂ ਕਿਹਾ ਕਿ ਸਮਾਜ, ਸਿੱਖਿਆ, ਪੱਤਰਕਾਰਤਾ ਤੇ ਲੋਕ ਭਲਾਈ ਲਈ ਏ.ਆਈ. ਦਾ ਸਕਾਰਾਤਮਕ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਮੀਡੀਆ ਵੈਲਬੀਇੰਗ ਐਸੋਸੀਏਸ਼ਨ ਵਲੋਂ ਪੱਤਰਕਾਰਾਂ ਲਈ ਏ.ਆਈ. ਟ੍ਰੇਨਿੰਗ ਸ਼ੁਰੂ ਕਰਨ ਦੀ ਪਹਿਲ ਨੂੰ ਸ਼ਲਾਘਾਯੋਗ ਕਰਾਰ ਦਿੱਤਾ | ਰਵਿੰਦਰ ਕਲਿਆਣ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ ਹੈ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ 'ਚ ਇਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਮੇਰੇ ਸੰਘਰਸ਼ 'ਚ ਮੀਡੀਆ ਦਾ ਵੀ ਬਰਾਬਰ ਯੋਗਦਾਨ ਰਿਹਾ ਹੈ | ਇਸ ਮੌਕੇ ਉਨ੍ਹਾਂ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਆਪਣੇ ਵਿਧਾਇਕ ਕੋਟੇ 'ਚੋਂ 11 ਲੱਖ ਰੁ. ਦੇਣ ਦਾ ਐਲਾਨ ਵੀ ਕੀਤਾ | ਪ੍ਰੋਗਰਾਮ ਦੀ ਪ੍ਰਧਾਨਗੀ ਦੈਨਿਕ ਟਿ੍ਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਨੇ ਕੀਤੀ, ਜਦਕਿ ਗੈਸਟ ਆਫ਼ ਆਨਰ ਵਜੋਂ ਦੈਨਿਕ ਉੱਤਮ ਹਿੰਦੂ ਦੇ ਪ੍ਰਧਾਨ ਸੰਪਾਦਕ ਇਰਵਿਨ ਖੰਨਾ ਮੌਜੂਦ ਰਹੇ | ਇਸ ਮੌਕੇ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਤਰੁਣ ਭੰਡਾਰੀ ਤੇ ਸੀਨੀਅਰ ਸਮਾਜ ਸੇਵੀ ਅਜੈਵੀਰ ਸਹਿਗਲ ਨੇ ਵੀ ਆਪਣੇ ਵਿਚਾਰ ਰੱਖੇ | ਇਰਵਿਨ ਖੰਨਾ ਨੇ ਕਿਹਾ ਕਿ ਏ. ਆਈ. ਕਈ ਕੰਮਾਂ ਨੂੰ ਆਸਾਨ ਅਤੇ ਤੇਜ਼ ਬਣਾਉਂਦੀ ਹੈ ਪਰ ਇਸ 'ਚ ਮਨੁੱਖੀ ਸੰਵੇਦਨਾਵਾਂ ਨਹੀਂ ਹੁੰਦੀਆਂ | ਉਨ੍ਹਾਂ ਕਿਹਾ ਕਿ ਇਕ ਸੱਚਾ ਪੱਤਰਕਾਰ ਆਪਣੀ ਸੰਵੇਦਨਸ਼ੀਲਤਾ, ਤਜਰਬੇ ਤੇ ਸਮਾਜਿਕ ਸਰੋਕਾਰਾਂ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਦਿੰਦਾ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਚੰਦਰ ਸ਼ੇਖਰ ਧਰਣੀ ਨੇ ਕਿਹਾ ਕਿ ਐਮ. ਡਬਲਿਊ. ਬੀ. ਉੱਤਰੀ ਭਾਰਤ ਦੀ ਸਭ ਤੋਂ ਵੱਡੀ ਪੱਤਰਕਾਰ ਸੰਸਥਾ ਬਣ ਚੁੱਕੀ ਹੈ, ਜੋ ਕਿ ਬਿਨਾਂ ਕਿਸੇ ਫ਼ੀਸ ਦੇ ਪੱਤਰਕਾਰਾਂ ਲਈ ਇੰਸ਼ੋਰੈਂਸ ਤੇ ਆਰਥਿਕ ਮਦਦ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ | ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਮੁਫ਼ਤ ਕੈਸ਼ਲੈੱਸ ਹੈਲਥ, ਐਕਸੀਡੈਂਟਲ ਤੇ ਟਰਮ ਇੰਸ਼ੋਰੈਂਸ ਪਾਲਿਸੀਆਂ ਵੀ ਵੰਡੀਆਂ ਗਈਆਂ | ਨਾਲ ਹੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਕਈ ਪੱਤਰਕਾਰਾਂ ਨੂੰ ਸੰਸਥਾ ਦੇ ਨਿੱਜੀ ਫ਼ੰਡ ਵਿਚੋਂ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ | ਇਸ ਮੌਕੇ ਸੀਨੀਅਰ ਪੱਤਰਕਾਰ ਮਨਮੋਹਨ ਸਿੰਘ, ਰਾਮਮੂਰਤੀ ਸ਼ਰਮਾ, ਮਦਨ ਆਜ਼ਾਦ, ਸੋਹਨ ਸੈਣੀ, ਵਿਜੈ ਬਜਾਜ ਅਤੇ ਅਨਿਲ ਗੋਇਲ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ 'ਚ ਸੁਰਿੰਦਰ ਮਹਿਤਾ, ਨਰੇਸ਼ ਉਪਲ, ਤਰੁਣ ਕਪੂਰ, ਪਵਨ ਚੋਪੜਾ, ਮੇਵਾ ਸਿੰਘ ਰਾਣਾ, ਸੁਨੀਲ ਸਰਦਾਨਾ, ਸੁਰਿੰਦਰ ਪਾਲ ਵਧਾਵਨ, ਰਾਜਿੰਦਰ ਵੀਨਸ, ਦੀਪਕ ਮਿਗਲਾਨੀ, ਤਾਰਾ ਠਾਕੁਰ, ਜਸਬੀਰ ਦੁੱਗਲ, ਸਤਨਾਮ ਸਿੰਘ ਅਤੇ ਵਿਨੋਦ ਲਾਹੋਟ ਸਮੇਤ ਵੱਡੀ ਗਿਣਤੀ ਪੱਤਰਕਾਰ ਹਾਜ਼ਰ ਸਨ |