ਚੰਡੀਗੜ੍ਹ, 31 ਮਈ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਉੱਘੇ ਕਵੀ, ਆਲੋਚਕ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੀ ਯਾਦ ਵਿਚ ਸਾਹਿਤਕਾਰ, ਕਵੀਆਂ ਤੇ ਲੇਖਕਾਂ ਵਲੋਂ ਸਾਹਿਤਕ ਸਮਾਰੋਹ ਕਰਵਾਇਆ ਗਿਆ | ਡਾ. ਸ਼ਮੀਰ ਸਿੰਘ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਅਕਾਦਮੀ ਵਲੋਂ ਸਾਹਿਤ, ਭਾਸ਼ਾ ਤੇ ਸੱਭਿਆਚਾਰ ਦੇ ਵਿਕਾਸ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ 'ਤੇ ਚਾਨਣਾ ਪਾਇਆ | ਪ੍ਰੋ. ਯੋਜਨਾ ਰਾਵਤ, ਪ੍ਰੋ. ਮੀਰਾ ਗੌਤਮ ਅਤੇ ਪ੍ਰੋ. ਰਾਕੇਸ਼ ਪ੍ਰੇਮ ਨੇ ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੇ ਜੀਵਨ, ਸਾਹਿਤਕ ਯੋਗਦਾਨ ਅਤੇ ਸਮੇਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਹਿੰਦੀ ਕਵਿਤਾ ਤੇ ਆਲੋਚਨਾ 'ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਅਤੇ ਵਿਦਿਆਰਥੀਆਂ ਦੀਆਂ ਪੀੜ੍ਹੀਆਂ ਦੇ ਮਾਰਗਦਰਸ਼ਕ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਯਾਦ ਕੀਤਾ | ਪ੍ਰੋਗਰਾਮ ਵਿਚ ਪ੍ਰੋ. ਸ਼ਰਮਾ ਦੀ ਪਤਨੀ ਸ਼੍ਰੀਮਤੀ ਮੰਜੂ ਸ਼ਰਮਾ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ | ਵੱਡੀ ਗਿਣਤੀ ਵਿੱਚ ਲੇਖਕਾਂ, ਕਵੀਆਂ, ਵਿਦਵਾਨਾਂ ਤੇ ਵਿਦਿਆਰਥੀਆਂ ਦੇ ਨਾਲ-ਨਾਲ ਲਗਭਗ 150 ਦੇ ਕਰੀਬ ਖੋਜ ਵਿਦਿਆਰਥੀ ਵੀ ਸਮਾਗਮ ਵਿਚ ਹਾਜ਼ਰ ਰਹੇ | ਇਸ ਮੌਕੇ ਡਾ. ਰਾਜ ਕੁਮਾਰ ਮਲਿਕ ਦੁਆਰਾ ਪ੍ਰੋ. ਜਯਾ ਪ੍ਰਕਾਸ਼ ਸ਼ਰਮਾ ਦੀ ਕਵਿਤਾ 'ਤੇ ਲਿਖੀਆਂ ਚਾਰ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਡਾ. ਅਨੀਸ਼ ਗਰਗ ਦੇ ਨਾਲ ਨਾਲ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਸਾਰੇ ਮਹਿਮਾਨਾਂ, ਬੁਲਾਰਿਆਂ, ਸਾਹਿਤਕਾਰਾਂ ਤੇ ਸਰੋਤਿਆਂ ਲਈ ਰਸਮੀ ਧੰਨਵਾਦੀ ਸ਼ਬਦ ਕਹੇ | ਇਸ ਮੌਕੇ ਸਾਹਿਤਕਾਰ ਤੇ ਲੇਖਕਾਂ ਵਿਚ ਜੰਗ ਬਹਾਦਰ ਗੋਇਲ, ਵਿਜੈ ਕਪੂਰ, ਰੇਖਾ ਮਿੱਤਲ, ਪ੍ਰੇਮ ਵਿਜ, ਡਾ. ਵਿਨੋਦ ਸ਼ਰਮਾ, ਡਾ. ਯੋਗ ਰਾਜ, ਪਰਵੀਨ ਸ਼ੇਰੋਂ, ਜਗਦੀਪ ਸਿੱਧੂ, ਸੀਮਾ ਗੁਪਤਾ, ਨਿਰਮਲ ਸੂਦ, ਸੁਭਾਸ਼ ਸ਼ਰਮਾ, ਅਸ਼ਵਨੀ ਸ਼ਾਂਡਿਲਿਆ ਤੇ ਪਰਮਜੀਤ ਮਾਨ ਸ਼ਾਮਲ ਸਨ |