20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੈਨਸ਼ਨ ਲਈ ਤਿੰਨ ਵਾਰ ਹਾਈ ਕੋਰਟ ਪਹੁੰਚੀ ਸਫ਼ਾਈ ਸੇਵਿਕਾ, ਅਦਾਲਤ ਨੇ ਅਧਿਕਾਰੀਆਂ ਨੂੰ ਲਗਾਈ ਫ਼ਟਕਾਰ <br/>

Ad Position 21
No active advertisement
ਅਜੀਤ ਡੈਸਕ 11-06-2026
ਚੰਡੀਗੜ੍ਹ, 10 ਜੂਨ (ਸੰਦੀਪ ਕੁਮਾਰ ਮਾਹਨਾ) – ਸੇਵਾਮੁਕਤੀ ਤੋਂ ਬਾਅਦ ਆਪਣੇ ਕਾਨੂੰਨੀ ਬਕਾਏ ਹਾਸਲ ਕਰਨ ਲਈ ਤਿੰਨ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਈ ਇਕ ਸੇਵਾ-ਮੁਕਤ ਸਫ਼ਾਈ ਸੇਵਿਕਾ ਨੂੰ ਆਖ਼ਰਕਾਰ ਇਨਸਾਫ਼ ਮਿਲ ਗਿਆ | ਹਾਈ ਕੋਰਟ ਨੇ ਅਧਿਕਾਰੀਆਂ ਦੀ 'ਪ੍ਰਸ਼ਾਸਨਿਕ ਉਦਾਸੀਨਤਾ' 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਨਾ ਸਿਰਫ਼ ਦੇਰੀ ਨਾਲ ਕੀਤੇ ਭੁਗਤਾਨ 'ਤੇ ਵਿਆਜ ਦੇਣ ਦੇ ਹੁਕਮ ਦਿੱਤੇ, ਸਗੋਂ 20 ਹਜ਼ਾਰ ਰੁਪਏ ਮੁਕੱਦਮਾ ਖਰਚ ਵਜੋਂ ਅਦਾ ਕਰਨ ਲਈ ਵੀ ਕਿਹਾ | ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਵਿਭਾਗ ਚਾਹੇ ਤਾਂ ਇਹ ਰਕਮ ਉਸ ਅਧਿਕਾਰੀ ਤੋਂ ਵਸੂਲ ਕਰ ਸਕਦਾ ਹੈ, ਜਿਸ ਦੀ ਲਾਪਰਵਾਹੀ ਕਾਰਨ ਕਰਮਚਾਰੀ ਨੂੰ ਵਾਰ-ਵਾਰ ਅਦਾਲਤ ਦੀ ਸ਼ਰਨ ਲੈਣੀ ਪਈ | ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਸੁਣਵਾਈ ਦੌਰਾਨ ਪਾਇਆ ਕਿ ਮਲੋਟ ਨਗਰ ਕੌਂਸਲ 'ਚ ਕਾਰਜਸ਼ੀਲ ਪਟੀਸ਼ਨਕਰਤਾ ਸਫ਼ਾਈ ਸੇਵਿਕਾ 30 ਨਵੰਬਰ 2019 ਨੂੰ ਸੇਵਾ-ਮੁਕਤ ਹੋਈ ਸੀ | ਇਸ ਦੇ ਬਾਵਜੂਦ ਉਸ ਨੂੰ ਸੇਵਾ-ਮੁਕਤੀ ਲਾਭ ਇਕਮੁਸ਼ਤ ਜਾਰੀ ਕਰਨ ਦੀ ਬਜਾਏ ਵੱਖ-ਵੱਖ ਕਿਸ਼ਤਾਂ ਵਿਚ ਅਦਾ ਕੀਤੇ ਗਏ | ਆਖ਼ਰੀ ਭੁਗਤਾਨ 2 ਜੁਲਾਈ 2021 ਨੂੰ ਕੀਤਾ ਗਿਆ, ਜੋ ਸੇਵਾ-ਮੁਕਤੀ ਤੋਂ ਲਗਭਗ 20 ਮਹੀਨੇ ਬਾਅਦ ਸੀ | (ਬਾਕੀ ਸਫ਼ਾ 6 'ਤੇ)
ਅਦਾਲਤ ਅੱਗੇ ਇਹ ਤੱਥ ਵੀ ਰੱਖਿਆ ਗਿਆ ਕਿ ਕਰਮਚਾਰੀ ਖ਼ਿਲਾਫ਼ ਸੇਵਾ-ਮੁਕਤੀ ਸਮੇਂ ਕੋਈ ਵਿਭਾਗੀ ਜਾਂਚ ਜਾਂ ਅਨੁਸ਼ਾਸਨਾਤਮਕ ਕਾਰਵਾਈ ਲੰਬਿਤ ਨਹੀਂ ਸੀ ਤੇ ਉਸ ਦਾ ਸੇਵਾ ਰਿਕਾਰਡ ਵੀ ਪੂਰੀ ਤਰਾਂ ਸਾਫ਼ ਸੀ | ਨੋਟਿਸ ਜਾਰੀ ਹੋਣ ਤੋਂ ਬਾਅਦ ਸੂਬਾ ਸਰਕਾਰ ਵਲੋਂ ਪੇਸ਼ ਹੋਏ ਵਕੀਲ ਵੀ ਇਸ ਤੱਥ ਦਾ ਖੰਡਨ ਨਹੀਂ ਕਰ ਸਕੇ | ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਇੱਕ ਸੇਵਾ-ਮੁਕਤ ਚੌਥਾ ਦਰਜਾ ਕਰਮਚਾਰੀ ਨੂੰ ਆਪਣੇ ਕਾਨੂੰਨੀ ਹੱਕ ਪ੍ਰਾਪਤ ਕਰਨ ਲਈ ਤੀਜੀ ਵਾਰ ਅਦਾਲਤ ਦੀ ਸ਼ਰਨ ਲੈਣੀ ਪਈ | ਅਦਾਲਤ ਨੇ ਕਿਹਾ ਕਿ ਅਧਿਕਾਰੀਆਂ ਦੀ ਉਦਾਸੀਨਤਾ ਕਾਰਨ ਪਟੀਸ਼ਨਕਰਤਾ ਨੂੰ ਬੇਲੋੜੀ ਪਰੇਸ਼ਾਨੀ, ਮਾਨਸਿਕ ਤਣਾਅ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਜਸਟਿਸ ਬਰਾੜ ਨੇ ਆਪਣੇ ਫ਼ੈਸਲੇ 'ਚ ਫੁੱਲ ਬੈਂਚ ਦੇ ਪਹਿਲਾਂ ਦਿੱਤੇ ਗਏ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੈਨਸ਼ਨ ਤੇ ਸੇਵਾ-ਮੁਕਤੀ ਲਾਭ ਕਿਸੇ ਤਰ੍ਹਾਂ ਦੀ ਮਿਹਰਬਾਨੀ ਜਾਂ ਖ਼ੈਰਾਤ ਨਹੀਂ ਹਨ, ਸਗੋਂ ਕਰਮਚਾਰੀ ਦਾ ਕਮਾਇਆ ਹੋਇਆ ਤੇ ਸੁਰੱਖਿਅਤ ਅਧਿਕਾਰ ਹਨ | ਜੇਕਰ ਸੇਵਾ-ਮੁਕਤੀ ਲਾਭਾਂ ਦੇ ਭੁਗਤਾਨ ਵਿਚ ਦੋ ਮਹੀਨਿਆਂ ਤੋਂ ਵੱਧ ਦੀ ਗੈਰ-ਵਾਜਬ ਦੇਰੀ ਹੁੰਦੀ ਹੈ ਤਾਂ ਸੰਬੰਧਿਤ ਅਥਾਰਟੀ ਵਿਆਜ ਦੇਣ ਲਈ ਜ਼ਿੰਮੇਵਾਰ ਹੋਵੇਗੀ | ਅਦਾਲਤ ਨੇ ਮੰਨਿਆ ਕਿ ਪਟੀਸ਼ਨਕਰਤਾ ਦੇਰੀ ਨਾਲ ਕੀਤੇ ਗਏ ਭੁਗਤਾਨ 'ਤੇ ਵਿਆਜ ਪ੍ਰਾਪਤ ਕਰਨ ਦੀ ਪੂਰੀ ਤਰ੍ਹਾਂ ਹੱਕਦਾਰ ਹੈ | ਇਸ ਦੇ ਨਾਲ ਹੀ ਪਟੀਸ਼ਨ ਮਨਜ਼ੂਰ ਕਰਦਿਆਂ ਸਮਰੱਥ ਅਥਾਰਟੀ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸੇਵਾ-ਮੁਕਤੀ ਦੀ ਤਾਰੀਖ ਤੋਂ ਦੋ ਮਹੀਨੇ ਬਾਅਦ ਤੋਂ ਲੈ ਕੇ ਅਸਲ ਭੁਗਤਾਨ ਦੀ ਤਾਰੀਖ ਤੱਕ ਬਕਾਇਆ ਰਕਮ 'ਤੇ 6 ਫ਼ੀਸਦੀ ਸਾਲਾਨਾ ਵਿਆਜ ਦੀ ਗਣਨਾ ਕਰਕੇ ਅਦਾ ਕਰੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੇ 'ਸਟੂਡੈਂਟ ਪੁਲਿਸ ਕੈਡਿਟ' ਪ੍ਰੋਗਰਾਮ ਨੂੰ ਮਿਲਿਆ ਵੱਡਾ ਹੁੰਗਾਰਾ ਅਗਲੀ ਖ਼ਬਰ ਹਰਿਆਣਾ 'ਚ ਖਾਦ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ-ਖੇਤੀਬਾੜੀ ਮੰਤਰੀ <br/>
Ad Position 24