ਡੇਰਾਬੱਸੀ, 11 ਜੂਨ (ਰਣਬੀਰ ਸਿੰਘ ਪੜ੍ਹੀ)-ਨਸ਼ਾ ਵਿਰੋਧੀ ਮੁਹਿੰਮ ਤਹਿਤ ਮੁਸ਼ਤੈਦੀ ਵਰਤਦਿਆਂ ਡੇਰਾਬੱਸੀ ਪੁਲਿਸ ਨੇ ਸਪੈਸ਼ਲ ਚੈਕਿੰਗ ਦੌਰਾਨ ਇਕ ਨਸ਼ਾ ਤਸਕਰ ਨੂੰ ਭਾਰੀ ਮਾਤਰਾ 'ਚ ਚਰਸ ਤੇ ਕਾਰ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਕਾਬੂ ਮੁਲਜ਼ਮ ਦੀ ਪਛਾਣ ਰਵਿੰਦਰ ਕੁਮਾਰ ਪੁੱਤਰ ਬਿ੍ਜ ਲਾਲ ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਪਿ੍ਆਗਰਾਜ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ ਅਤੇ ਅੱਜ-ਕੱਲ੍ਹ ਪਿੰਡ ਮੁਕੰਦਪੁਰ ਵਿਖੇ ਰਹਿ ਰਿਹਾ ਸੀ | ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਐਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੁਬਾਰਕਪੁਰ ਸਥਿਤ ਪੀ. ਡਬਲਿਊ. ਡੀ. ਰੈਸਟ ਹਾਊਸ ਨੇੜੇ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਮੌਜੂਦ ਸਨ | ਇਸੇ ਦੌਰਾਨ ਇਕ ਚਿੱਟੇ ਰੰਗ ਦੀ ਹੁੰਡਾਈ ਏਸੈਂਟ ਕਾਰ ਉਥੇ ਆਈ ਤੇ ਕਾਰ ਚਾਲਕ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਫੜ੍ਹੇ ਜਾਣ ਦੇ ਡਰੋਂ ਆਪਣੀ ਕਾਰ ਨੂੰ ਪਿੱਛੇ ਨੂੰ ਮੋੜਨ ਲੱਗਾ | ਪੁਲਿਸ ਪਾਰਟੀ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਘੇਰਾਬੰਦੀ ਕਰਕੇ ਕਾਰ ਨੂੰ ਰੋਕ ਕੇ ਚਾਲਕ ਨੂੰ ਕਾਬੂ ਕਰ ਲਿਆ | ਸ਼ੱਕ ਦੇ ਆਧਾਰ 'ਤੇ ਜਦੋਂ ਕਾਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਕਾਰ 'ਚੋਂ 187 ਗ੍ਰਾਮ ਚਰਸ ਬਰਾਮਦ ਹੋਈ | ਪੁਲਿਸ ਨੇ ਮੌਕੇ 'ਤੇ ਹੀ ਨਸ਼ੀਲਾ ਪਦਾਰਥ ਅਤੇ ਤਸਕਰੀ ਲਈ ਵਰਤੀ ਜਾ ਰਹੀ ਦਿੱਲੀ ਨੰਬਰ ਦੀ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਚੌਕੀ ਇੰਚਾਰਜ ਐਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |