ਜ਼ੀਰਕਪੁਰ, 13 ਜੂਨ (ਮਨਿੰਦਰ ਸਿੰਘ)-ਆਬਕਾਰੀ ਵਿਭਾਗ ਅਤੇ ਜ਼ੀਰਕਪੁਰ ਪੁਲਿਸ ਨੇ ਇਕ ਸਾਂਝੀ ਕਾਰਵਾਈ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮ ਕੋਲੋਂ ਚੰਡੀਗੜ੍ਹ 'ਚ ਵਿਕਣਯੋਗ ਦੇਸੀ ਸ਼ਰਾਬ ਦੇ 48 ਅੱਧੀਏ ਬਰਾਮਦ ਕੀਤੇ ਹਨ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਜੈਬੀਰ ਪੁੱਤਰ ਚੰਦਰ ਸੈਨ ਵਾਸੀ ਬਿਸ਼ਨਪੁਰਾ (ਜ਼ੀਰਕਪੁਰ) ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 12 ਜੂਨ ਦੀ ਰਾਤ ਨੂੰ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਆਪਣੀ ਟੀਮ ਸਮੇਤ ਚੰਡੀਗੜ੍ਹ ਇਨਕਲੇਵ ਖੇਤਰ 'ਚ ਨਾਕਾਬੰਦੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਸਨ | ਟੀਮ ਨੇ ਸ਼ੱਕ ਦੇ ਆਧਾਰ 'ਤੇ ਜਿਵੇਂ ਹੀ ਇਕ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਪਿੱਛੇ ਬੈਠੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਮੁਲਜ਼ਮ ਕੋਲ ਮੌਜੂਦ ਡੱਬਿਆਂ 'ਚੋਂ ਚੰਡੀਗੜ੍ਹ 'ਚ ਵਿਕਣਯੋਗ ਦੇਸੀ ਸ਼ਰਾਬ 'ਟੈਂਗੋ ਸੰਤਰਾ' ਦੇ 48 ਅੱਧੀਏ ਬਰਾਮਦ ਹੋਏ | ਆਬਕਾਰੀ ਵਿਭਾਗ ਨੇ ਮੁਲਜ਼ਮ ਮੋਟਰਸਾਈਕਲ ਅਤੇ ਬਰਾਮਦ ਕੀਤੀ ਗਈ ਸ਼ਰਾਬ ਨੂੰ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ | ਪੁਲਿਸ ਨੇ ਮੁਲਜ਼ਮ ਜੈਬੀਰ ਵਿਰੁੱਧ ਆਬਕਾਰੀ ਐਕਟ ਦੀ ਧਾਰਾ 61/1/14 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਹੁਣ ਫ਼ਰਾਰ ਮੋਟਰਸਾਈਕਲ ਚਾਲਕ ਦੀ ਭਾਲ ਕਰ ਰਹੀ ਹੈ | ਉਹ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਰਾਬ ਕਿਥੋਂ ਲਿਆਂਦੀ ਗਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ | ਪੁਲਿਸ ਅਧਿਕਾਰੀਆਂ ਅਨੁਸਾਰ ਫ਼ਰਾਰ ਮੁਲਜ਼ਮ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |