ਜ਼ੀਰਕਪੁਰ, 13 ਜੂਨ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਭਬਾਤ ਸਥਿਤ ਹਮਦਰਦ ਕੰਪਨੀ ਦੇ ਸੀ. ਐੱਫ. ਏ. (ਕੈਰੀ ਐਂਡ ਫਾਰਵਰਡਿੰਗ ਏਜੰਟ) ਗੁਦਾਮ ਤੋਂ ਲਗਭਗ 1.5 ਕਰੋੜ ਰੁ. ਦਾ ਸਾਮਾਨ ਕੱਢਣ ਅਤੇ ਜਾਅਲੀ ਬਿੱਲਾਂ ਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਸ ਨੂੰ ਅੱਗੇ ਵੇਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਅੰਸ਼ੁਲ ਰਾਣਾ ਅਤੇ ਅਮਿਤ ਟੋਕਸੀਆ ਵਾਸੀ ਗਿੱਲ ਕਾਲੋਨੀ ਬਲਟਾਣਾ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੁਰਿੰਦਰ ਮੋਹਨ ਵਾਸੀ ਸੈਕਟਰ-8 ਪੰਚਕੂਲਾ ਨੇ ਕਿਹਾ ਕਿ ਉਸ ਦੀ ਫਰਮ ਭਬਾਤ ਦੇ ਗੁਦਾਮ ਖੇਤਰ 'ਚ ਹਮਦਰਦ ਕੰਪਨੀ ਦੇ ਉਤਪਾਦਾਂ ਦੀ ਸਪਲਾਈ ਕਰਦੀ ਹੈ | ਸ਼ਿਕਾਇਤ ਦੇ ਅਨੁਸਾਰ ਗੁਦਾਮ 'ਚ ਡਿੱਪੂ ਮੈਨੇਜਰ ਵਜੋਂ ਕੰਮ ਕਰਨ ਵਾਲੇ ਅੰਸ਼ੁਲ ਰਾਣਾ ਵਲੋਂ ਕਥਿਤ ਤੌਰ 'ਤੇ ਕੰਪਨੀ ਦੇ ਅਧਿਕਾਰਤ ਵਿਤਰਕਾਂ ਦੇ ਨਾਂਅ 'ਤੇ ਜਾਅਲੀ ਬਿੱਲ ਤਿਆਰ ਕੀਤੇ ਗਏ ਅਤੇ ਮਾਰਚ 2026 ਦੌਰਾਨ ਗੁਦਾਮ 'ਚੋਂ ਵੱਡੀ ਮਾਤਰਾ 'ਚ ਸਾਮਾਨ ਕੱਢ ਕੇ ਬਲਟਾਣਾ ਵਾਸੀ ਅਮਿਤ ਟੋਕਸੀਆ ਦੀ ਫਰਮ ਰਾਹੀਂ ਵੱਖ-ਵੱਖ ਰਾਜਾਂ ਦੇ ਕਾਰੋਬਾਰੀਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਗਿਆ | ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਕੰਪਨੀ ਦੇ ਰਿਕਾਰਡ 'ਚ ਝੂਠੀਆਂ ਤੇ ਧੋਖਾਧੜੀ ਵਾਲੀਆਂ ਐਂਟਰੀਆਂ ਕਰਕੇ ਜਾਅਲੀ ਗੇਟ ਪਾਸ ਤੇ ਪ੍ਰੋਫਾਰਮਾ ਇਨਵਾਇਸ ਤਿਆਰ ਕੀਤੇ ਗਏ ਸਨ ਅਤੇ ਸਾਮਾਨ ਦਾ ਗਬਨ ਕੀਤਾ ਗਿਆ ਸੀ | ਪੁਲਿਸ ਜਾਂਚ 'ਚ ਕੰਪਿਊਟਰ ਆਪ੍ਰੇਟਰ ਗੁਰਦੀਪ ਸਿੰਘ ਦਾ ਬਿਆਨ ਵੀ ਸ਼ਾਮਿਲ ਸੀ, ਜਿਸ 'ਚ ਉਸ ਨੇ ਦੋਸ਼ ਲਗਾਇਆ ਸੀ ਕਿ ਲੱਖਾਂ ਰੁ. ਦੇ ਜਾਅਲੀ ਬਿੱਲ ਅਤੇ ਗ਼ਲਤ ਐਂਟਰੀਆਂ ਕੀਤੀਆਂ ਗਈਆਂ ਸਨ, ਹਾਲਾਂਕਿ ਸੰਬੰਧਿਤ ਸਟਾਕ ਪਹਿਲਾਂ ਹੀ ਗੁਦਾਮ ਤੋਂ ਭੇਜਿਆ ਜਾ ਚੁੱਕਾ ਸੀ | ਪੁੱਛਗਿੱਛ ਦੌਰਾਨ ਅਮਿਤ ਟੋਕਸੀਆ ਨੇ ਮੰਨਿਆ ਕਿ ਉਸ ਨੇ ਅੰਸ਼ੁਲ ਰਾਣਾ ਰਾਹੀਂ ਹਮਦਰਦ ਕੰਪਨੀ ਦਾ ਸਾਮਾਨ ਖ਼ਰੀਦ ਕੇ ਅੱਗੇ ਵੱਖ-ਵੱਖ ਫਰਮਾਂ ਨੂੰ ਵੇਚਿਆ ਹੈ | ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਕੰਪਨੀ ਦੇ ਖਾਤਿਆਂ ਰਾਹੀਂ ਕਰੋੜਾਂ ਰੁ. ਦੇ ਲੈਣ-ਦੇਣ ਕੀਤੇ ਗਏ ਸਨ | ਦੂਜੇ ਪਾਸੇ ਅੰਸ਼ੁਲ ਰਾਣਾ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੁਆਰਾ ਕੰਪਨੀ ਦੇ ਵਿਕਰੀ ਨੈੱਟਵਰਕ ਨਾਲ ਜੁੜੇ ਲੋਕਾਂ ਦੇ ਕਹਿਣ 'ਤੇ ਹੀ ਸਾਮਾਨ ਭੇਜਿਆ ਗਿਆ ਸੀ ਅਤੇ ਉਸ ਨੇ ਕੋਈ ਚੋਰੀ ਜਾਂ ਗਬਨ ਨਹੀਂ ਕੀਤਾ | ਪੁਲਿਸ ਜਾਂਚ ਦੌਰਾਨ ਦੋਵਾਂ ਧਿਰਾਂ ਦੇ ਬਿਆਨਾਂ, ਬੈਂਕ ਲੈਣ-ਦੇਣ, ਬਿਲਿੰਗ ਰਿਕਾਰਡਾਂ ਤੇ ਵੇਅਰਹਾਊਸ ਦਸਤਾਵੇਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ | ਜਾਂਚ ਅਧਿਕਾਰੀ ਦੀ ਰਿਪੋਰਟ ਅਨੁਸਾਰ ਲਗਭਗ 1.5 ਕਰੋੜ ਦੀ ਧੋਖਾਧੜੀ ਕੀਤੀ ਗਈ ਹੈ | ਫ਼ਿਲਹਾਲ ਜ਼ੀਰਕਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |