ਖਰੜ, 19 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਝੋਨਾ ਲਗਾਉਣ ਲਈ ਪੰਜਾਬ ਨੂੰ ਤਿੰਨ ਜ਼ੋਨਾਂ ਵਿਚ ਵੰਡ ਕੇ ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਨੂੰ 1 ਜੂਨ ਤੋ ਝੋਨਾ ਲਗਾਉਣ ਦੀ ਆਗਿਆ ਦਿੱਤੀ ਜਾ ਚੁੱਕੀ ਹੈ, ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਝੋਨਾ ਲਗਾਉਣ ਤੋਂ ਬਾਅਦ 40 ਦਿਨਾਂ ਦੇ ਅੰਦਰ-ਅੰਦਰ ਯੂਰੀਆ ਖਾਦ ਪਾਉਣੀ ਜ਼ਰੂਰੀ ਹੈ ਪਰ ਜ਼ਿਲ੍ਹੇ ‘ਚ ਕਿਸਾਨਾਂ ਨੂੰ ਲੋੜ ਅਨੁਸਾਰ ਯੂਰੀਆ ਨਹੀਂ ਮਿਲ ਰਿਹਾ। ਇਹ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੇਹਰ ਸਿੰਘ ਥੇੜ੍ਹੀ, ਹਕੀਕਤ ਸਿੰਘ ਘੜੂੰਆਂ ਤੇ ਮਨਪ੍ਰੀਤ ਸਿੰਘ ਖੇੜੀ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਵਿਚ ਯੂਰੀਆ ਨਾ ਮਾਤਰ ਹੀ ਆਇਆ ਹੈ ਅਤੇ ਇਸ ਮਹੀਨੇ ‘ਚ ਲੱਗਿਆ ਝੋਨਾ ਬਿਨਾਂ ਯੂਰੀਆ ਖਾਦ ਤੋਂ ਅੱਧਾ ਸਮਾਂ ਲੰਘਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਨਾ ਪਾਏ ਜਾਣ ਕਾਰਨ ਫ਼ਸਲ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਤੇ ਇਫਕੋ ਅਦਾਰੇ ਸਹਿਕਾਰੀ ਸਭਾਵਾਂ ਨੂੰ ਯੂਰੀਆ ਖਾਦ ਨਹੀਂ ਭੇਜ ਰਹੇ, ਜਦਕਿ ਛੋਟੇ ਕਿਸਾਨ ਸਹਿਕਾਰੀ ਸਭਾਵਾਂ ਤੋਂ ਹੀ ਖਾਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਡੀਲਰਾਂ ਕੋਲ ਯੂਰੀਆ ਖਾਦ ਉਪਲੱਬਧ ਹੈ, ਪਰ ਉਹ ਵੱਡੇ ਜ਼ਿੰਮੀਦਾਰਾਂ ਅਤੇ ਆਪਣੇ ਪੁਰਾਣੇ ਗ੍ਰਾਹਕਾਂ ਨੂੰ ਹੀ ਖਾਦ ਦੇ ਰਹੇ ਹਨ। ਜੇਕਰ ਕੋਈ ਸਹਿਕਾਰੀ ਸਭਾ ਦਾ ਮੈਂਬਰ ਜਾਂ ਛੋਟਾ ਕਿਸਾਨ ਪ੍ਰਾਈਵੇਟ ਡੀਲਰ ਕੋਲ ਖਾਦ ਲੈਣ ਲਈ ਜਾਂਦਾ ਹੈ ਤਾਂ ਉਸ ਨੂੰ ਖਾਦ ਦੇ ਥੈਲੇ ਨਾਲ ਹੋਰ ਵਾਧੂ ਚੀਜ਼ਾਂ ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਦਾ ਮਾਰਕਫੈੱਡ ਅਦਾਰਾ ਸਹੀ ਸਮੇਂ ‘ਤੇ ਯੂਰੀਆ ਖਾਦ ਦੇਣ ਵਿਚ ਅਸਫ਼ਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਖਾਦ ਲਈ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਮੌਕੇ ਜਰਨੈਲ ਸਿੰਘ ਘੜੂੰਆਂ, ਸਿਕੰਦਰ ਸਿੰਘ ਸਿਲਕੱਪੜਾ, ਭੁਪਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ, ਮੇਜਰ ਸਿੰਘ ਤੇ ਜਿੰਦਰ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ।