ਚੰਡੀਗੜ੍ਹ, 24 ਜੂਨ (ਕਪਿਲ ਵਧਵਾ )– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੰਧਿਤ ਕਥਿਤ ਇਤਰਾਜ਼ਯੋਗ ਅਤੇ ਗੁੰਮਰਾਹਕੁੰਨ ਸੋਸ਼ਲ ਮੀਡੀਆ ਪੋਸਟ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਤੇਲੰਗਾਨਾ ਨਿਵਾਸੀ ਹਸਨ ਮੋਹਿਉੱਦੀਨ ਸਿੱਦੀਕੀ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ 26 ਜੂਨ ਨੂੰ ਅਹਿਲਮਦ ਦੀ ਰਿਪੋਰਟ ਤੋਂ ਬਾਅਦ ਸ਼ੁਰੂ ਹੋਵੇਗੀ। ਪੁਲਿਸ ਵਲੋਂ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾ196,318,336(1), 336(3), 336(4),340,353 ਅਤੇ 356 ਤਹਿਤ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ। ਹਸਨ ਸਿੱਦੀਕੀ ਨੂੰ 25 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿਚ ਬੰਦ ਹੈ। ਉਸ ਵਲੋਂ ਦਾਇਰ ਕੀਤੀਆਂ ਜ਼ਮਾਨਤ ਅਰਜ਼ੀਆਂ ਨੂੰ ਜ਼ਿਲ੍ਹਾ ਅਦਾਲਤ ਦੋ ਵਾਰ ਰੱਦ ਕਰ ਚੁੱਕੀ ਹੈ। ਮਾਮਲੇ ਵਿਚ ਦਿੱਲੀ ਨਿਵਾਸੀ ਲੇਖਿਕਾ ਮਧੁ ਕਿਸ਼ਵਰ ਸਮੇਤ ਕੁੱਲ 6 ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਹਾਲਾਂਕਿ ਹਸਨ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ ਹੋਰ ਮੁਲਜ਼ਮਾਂ ਦੀ ਭੂਮਿਕਾ ਸਬੰਧੀ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ 19 ਅਪ੍ਰੈਲ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਂਸਲਰ ਅਤੇ ਵਕੀਲ ਸਤਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਕੁੱਝ ਸੋਸ਼ਲ ਮੀਡੀਆ ਖਾਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵੀਡੀਓ ਨੂੰ ਗੁੰਮਰਾਹਕੁੰਨ ਕੈਪਸ਼ਨ ਨਾਲ ਵਾਇਰਲ ਕਰ ਰਹੇ ਹਨ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸੈਕਟਰ-26 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।