ਚੰਡੀਗੜ੍ਹ, 24 ਜੂਨ (ਮਾਰਕੰਡਾ)- ਜ਼ਿਲ੍ਹਾ ਕੋਰਟ ਕੰਪਲੈਕਸ ਸੈਕਟਰ-43 ਚੰਡੀਗੜ੍ਹ ਦੇ ਏ.ਡੀ.ਆਰ ਸੈਂਟਰ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜਨਤਕ ਉਪਯੋਗਤਾ ਸੇਵਾਵਾਂ ਲਈ ਸਥਾਈ ਲੋਕ ਅਦਾਲਤ ਦੀ ਯੋਜਨਾ ਅਤੇ ਕੰਮਕਾਜ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਕਰੀਬ 35 ਭਾਗੀਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪੈਰਾ ਲੀਗਲ ਵਲੰਟੀਅਰਾਂ ਦੇ ਨਾਲ-ਨਾਲ ਸਮਾਜ ਭਲਾਈ ਵਿਭਾਗ ਯੂ.ਟੀ. ਚੰਡੀਗੜ੍ਹ ਦੇ ਆਂਗਣਵਾੜੀ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਸ਼ਾਮਲ ਸਨ। ਸੈਸ਼ਨ ਦੀ ਪ੍ਰਧਾਨਗੀ ਸੰਜੇ ਕੁਮਾਰ ਸਚਦੇਵਾ ਚੇਅਰਮੈਨ ਸਥਾਈ ਲੋਕ ਅਦਾਲਤ ਚੰਡੀਗੜ੍ਹ ਨੇ ਕੀਤੀ। ਉਨ੍ਹਾਂ ਦੇ ਨਾਲ ਰੂਣਮ ਕੌਸ਼ਿਕ ਮੈਂਬਰ ਸਥਾਈ ਲੋਕ ਅਦਾਲਤ ਅਤੇ ਸੁਰਜੀਤ ਕੌਰ ਵਾਲੀਆ ਮੈਂਬਰ ਸਥਾਈ ਲੋਕ ਅਦਾਲਤ ਵੀ ਮੌਜੂਦ ਸਨ। ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸੰਜੇ ਕੁਮਾਰ ਸਚਦੇਵਾ ਨੇ ਸਥਾਈ ਲੋਕ ਅਦਾਲਤ ਦੀ ਸਥਾਪਨਾ, ਅਧਿਕਾਰ ਖੇਤਰ ਤੇ ਕੰਮਕਾਜ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਦੱਸਿਆ ਕਿ ਜਨਤਕ ਉਪਯੋਗਤਾ ਸੇਵਾਵਾਂ ਲਈ ਸਥਾਈ ਲੋਕ ਅਦਾਲਤਾਂ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, 1987 ਦੇ ਤਹਿਤ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਆਵਾਜਾਈ, ਡਾਕ ਸੇਵਾਵਾਂ, ਤਾਰ, ਬੀਮਾ, ਬਿਜਲੀ, ਪਾਣੀ ਸਪਲਾਈ, ਜਨਤਕ ਸੰਭਾਲ ਤੇ ਸੈਨੀਟੇਸ਼ਨ ਵਰਗੀਆਂ ਜਨਤਕ ਉਪਯੋਗਤਾ ਸੇਵਾਵਾਂ ਨਾਲ ਸਬੰਧਤ ਮਾਮਲਿਆਂ ਵਿਚ ਤੇਜ਼ ਅਤੇ ਲਾਗਤ-ਪ੍ਰਭਾਵਸ਼ਾਲੀ ਨਿਆਂ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਗਲੀ ਜਾਗਰੂਕਤਾ ਵਰਕਸ਼ਾਪ 26 ਜੂਨ ਨੂੰ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੀਨੀਅਰ ਨਾਗਰਿਕਾਂ ਨਾਲ ਤਹਿ ਕੀਤੀ ਗਈ ਹੈ। ਪ੍ਰੋਗਰਾਮ ਦੀ ਸਮਾਪਤੀ ਇੱਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਨਾਲ ਹੋਈ।