ਚੰਡੀਗੜ੍ਹ, 26 ਜੂਨ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ’ਚ ਹਾਲ ਹੀ ਦੌਰਾਨ ਵਾਪਰੀਆਂ ਫਾਇਰਿੰਗ ਅਤੇ ਗੈਂਗਵਾਰ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਦਿਆਂ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ (ਆਈ.ਐਸ.ਬੀ.ਟੀ.) ’ਤੇ ਕਰੀਬ ਦੋ ਘੰਟੇ ਤੱਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਮੁਸਾਫ਼ਰਾਂ, ਬੱਸਾਂ, ਸਮਾਨ ਅਤੇ ਸ਼ੱਕੀ ਵਿਅਕਤੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।ਆਪ੍ਰੇਸ਼ਨ ਸੈੱਲ ਦੀ ਟੀਮ ਨੇ ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਬੱਸ ਅੱਡੇ ਵਿਚ ਸੰਘਣੀ ਚੈਕਿੰਗ ਕੀਤੀ। ਪੁਲਿਸ ਨੇ ਬੱਸ ਅੱਡੇ ਦੇ ਸਾਰੇ ਦਾਖ਼ਲਿਆਂ ਅਤੇ ਨਿਕਾਸ ਦਰਵਾਜ਼ਿਆਂ ’ਤੇ ਨਾਕਾਬੰਦੀ ਕਰਕੇ ਹਰ ਆਉਣ-ਜਾਣ ਵਾਲੇ ਵਾਹਨ ਅਤੇ ਮੁਸਾਫ਼ਰਾਂ ’ਤੇ ਨਜ਼ਰ ਰੱਖੀ। ਇਸ ਦੌਰਾਨ ਹਰ ਬੱਸ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਮੁਸਾਫ਼ਰਾਂ ਦੇ ਬੈਗ, ਸੂਟਕੇਸ ਅਤੇ ਹੋਰ ਸਮਾਨ ਦੀ ਜਾਂਚ ਕੀਤੀ ਗਈ ਅਤੇ ਲੋੜੀਂਦੇ ਸਥਾਨਾਂ ’ਤੇ ਸਕੈਨਿੰਗ ਵੀ ਕਰਵਾਈ ਗਈ। ਪੁਲਿਸ ਮੁਲਾਜ਼ਮਾਂ ਨੇ ਬੱਸਾਂ ਅੰਦਰ ਸੀਟਾਂ ਹੇਠਾਂ ਅਤੇ ਲੱਗੇਜ਼ ਰੈਕ ਵਿਚ ਰੱਖੇ ਸਮਾਨ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਜੋ ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ। ਕੁੱਝ ਮੁਸਾਫ਼ਰਾਂ ਤੋਂ ਉਨ੍ਹਾਂ ਦੀ ਮੰਜ਼ਿਲ, ਸਫ਼ਰ ਦੇ ਮਕਸਦ ਅਤੇ ਪਛਾਣ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ ਗਈ, ਜਦਕਿ ਸ਼ੱਕੀ ਲੱਗਣ ਵਾਲੇ ਵਿਅਕਤੀਆਂ ਦੇ ਪਛਾਣ ਪੱਤਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਗਈ। ਇਸ ਮੁਹਿੰਮ ਦੌਰਾਨ ਪੁਲਿਸ ਟੀਮ ਨੇ ਬੱਸ ਅੱਡੇ ’ਚ ਸਥਿਤ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ, ਬੱਸ ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਕੇ ਹਾਲੀਆ ਦਿਨਾਂ ਵਿਚ ਕਿਸੇ ਸ਼ੱਕੀ ਗਤੀਵਿਧੀ ਸਬੰਧੀ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਇਲਾਵਾ ਵੇਟਿੰਗ ਹਾਲ, ਟਿਕਟ ਕਾਊਂਟਰਾਂ, ਪਾਰਕਿੰਗ, ਪਖਾਨਿਆਂ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ਦੀ ਵੀ ਤਲਾਸ਼ੀ ਲਈ ਗਈ।ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧਿਕ ਅਨਸਰਾਂ ’ਤੇ ਨਜ਼ਰ ਰੱਖਣ ਲਈ ਅਜਿਹੇ ਵਿਸ਼ੇਸ਼ ਤਲਾਸ਼ੀ ਅਭਿਆਨ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।