ਚੰਡੀਗੜ੍ਹ, 26 ਜੂਨ (ਅਜਾਇਬ ਸਿੰਘ ਔਜਲਾ )- ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਨਸ਼ਾ ਅਤੇ ਗੈਂਗਸਟਰ ਪੰਜਾਬ ਦੇ ਲਈ ਇਕ ਵੱਡੀ ਚੁਣੌਤੀ ਹੈ , ਪਰ ਫਿਰ ਵੀ ਮਾਨ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਇਨ੍ਹਾਂ ਨੂੰ ਠੱਲ੍ਹ ਪਾਈ ਜਾਵੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਭਾਜਪਾ ਦਾ ਉਨ੍ਹਾਂ ਨੂੰ ਬਿਲਕੁਲ ਵੀ ਸਹਿਯੋਗ ਨਹੀਂ ਮਿਲ ਰਿਹਾ ਤੇ ਕੇਂਦਰ ਸਰਕਾਰ ਨਹੀਂ ਚਾਹੁੰਦੀ ਪੰਜਾਬ ਵਿਚੋਂ ਨਸ਼ਾ ਖ਼ਤਮ ਹੋਵੇ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਤੇ ਪਾਕਿਸਤਾਨ ਦੀ ਲੱਗਦੀ ਹੱਦ 532 ਕਿਲੋਮੀਟਰ ਦੀ ਹੈ ,ਇੱਥੇ ਇਕੱਲਾ ਪੰਜਾਬ ਪੁਲਿਸ ਜਾਂ ਪੰਜਾਬ ਦੀਆਂ ਹੋਰ ਸਰਕਾਰੀ ਏਜੰਸੀਆਂ ਨਸ਼ਾ ਤਸਕਰਾਂ ਜਾਂ ਗੈਂਗਸਟਰਾਂ ਨੂੰ ਕਾਬੂ ਨਹੀਂ ਕਰ ਸਕਦੀਆਂ, ਪਰ ਜੇਕਰ ਕੇਂਦਰ ਸਰਕਾਰ ਸਹਿਯੋਗ ਕਰੇ ਤਾਂ ਇਸ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਲੱਗੀ ਹੋਈ ਹੈ ਤੇ ਉਦੋਂ ਤੱਕ ਭਗਵੰਤ ਮਾਨ ਦੀ ਸਰਕਾਰ ਟਿੱਕ ਕੇ ਨਹੀਂ ਬੈਠੇਗੀ, ਜਦੋਂ ਤੱਕ ਇਨ੍ਹਾਂ ਨੂੰ ਨੱਥ ਨਹੀਂ ਪਾ ਲਈ ਜਾਂਦੀ। ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੀ ਧਰਤੀ ਤੋਂ ਇਨ੍ਹਾਂ ਦੋ ਵੱਡੀਆਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਿਰੰਤਰ ਇਕ ਵੱਡੀ ਜੰਗ ਲੜ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ। 1 ਮਾਰਚ 2025 ਤੋਂ 25 ਜੂਨ 2026 ਤੱਕ ਪੁਲਿਸ ਨੇ ਕੁੱਲ 5091 ਮਾਮਲੇ ਦਰਜ ਕਰਕੇ 7105 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਵਿਚ 3103 ਕਿਲੋਗ੍ਰਾਮ ਹੈਰੋਇਨ, 2.4 ਕਿਲੋਗ੍ਰਾਮ ਸਮੈਕ, 831 ਕਿਲੋਗ੍ਰਾਮ ਅਫ਼ੀਮ, 6 ਕੁਇੰਟਲ 74 ਕਿਲੋਗ੍ਰਾਮ ਚੂਰਾ ਪੋਸਤ, 84 ਕੁਇੰਟਲ 789 ਕਿਲੋਗ੍ਰਾਮ ਚਰਸ, 10 ਕੁਇੰਟਲ ਗਾਂਜਾ, 4 ਕੁਇੰਟਲ ਕੋਕੀਨ, 5 ਕੁਇੰਟਲ ਆਈਸ ਅਤੇ 165 ਕਿਲੋਗ੍ਰਾਮ ਨਸ਼ੀਲਾ ਪਾਊਡਰ ਸ਼ਾਮਲ ਹੈ। ਇਸ ਤੋਂ ਇਲਾਵਾ 2100 ਨਸ਼ੀਲੀਆਂ ਦਵਾਈਆਂ, ਟੀਕੇ ਅਤੇ ਕੈਪਸੂਲ ਬਰਾਮਦ ਕਰਨ ਦੇ ਨਾਲ-ਨਾਲ ਤਸਕਰਾਂ ਕੋਲੋਂ ਰਿਕਾਰਡ 18 ਕਰੋੜ 73 ਲੱਖ ਰੁਪਏ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੀ ਇਹ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਵੱਡੇ ਡਰੱਗ ਡੀਲਰਾਂ ਅਤੇ ਸਮਗਲਰਾਂ ਦੇ ਘਰਾਂ ਨੂੰ ਢਾਹ ਦਿੱਤਾ ਹੈ। ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਜ਼ਮੀਨੀ ਪੱਧਰ ’ਤੇ ਜੁਟੀ ਹੋਈ ਹੈ। ਹਾਲਾਂਕਿ, ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਅਸਹਿਯੋਗ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੀ 532 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ’ਤੇ ਨਸ਼ਾ ਅਤੇ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਭੇਜੇ ਜਾ ਰਹੇ ਹਨ, ਜੋ ਸਾਡੀ ਪੁਲਿਸ ਲਈ ਇੱਕ ਵੱਡੀ ਚੁਣੌਤੀ ਹੈ।ਧਾਲੀਵਾਲ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਤਕਨਾਲੋਜੀ ਦੀ ਘਾਟ ਕਾਰਨ ਕਈ ਵਾਰ ਡਰੋਨ ਨਸ਼ਾ ਜਾਂ ਹਥਿਆਰ ਸੁੱਟ ਕੇ ਵਾਪਸ ਚਲੇ ਜਾਂਦੇ ਹਨ। ਜੇਕਰ ਕੇਂਦਰ ਸਰਕਾਰ ਸਾਡੀ ਮੰਗ ਅਨੁਸਾਰ ਸਰਹੱਦ ’ਤੇ ’ਐਂਟੀ-ਡਰੋਨ ਸਿਸਟਮ’ ਮੁਹੱਈਆ ਕਰਵਾ ਦਿੰਦੀ, ਤਾਂ ਪੰਜਾਬ ਵਿੱਚੋਂ ਨਸ਼ਾ ਹੁਣ ਤੱਕ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੁੰਦਾ। ਇਸ ਦੇ ਬਾਵਜੂਦ, ਸੂਬੇ ਦੇ ਡੀ.ਜੀ.ਪੀ ਵਲੋਂ ਸ਼ੁਰੂ ਕੀਤੀ ਗਈ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ 562 ਥਾਵਾਂ ’ਤੇ ਛਾਪੇਮਾਰੀ ਕਰਕੇ 332 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿਚ 147 ਅਜਿਹੇ ਖ਼ਤਰਨਾਕ ਅਪਰਾਧੀ ਸ਼ਾਮਲ ਹਨ ਜਿਨ੍ਹਾਂ ਤੋਂ ਵੱਡੀਆਂ ਵਾਰਦਾਤਾਂ ਦਾ ਖ਼ਤਰਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦਾ ਅੰਕੜਾ 40 ਹਜ਼ਾਰ 353 ਤੱਕ ਪਹੁੰਚ ਚੁੱਕਾ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਕਿਹਾ ਕਿ ਦੁਬਈ, ਇੰਗਲੈਂਡ ਅਤੇ ਕੈਨੇਡਾ ਵਰਗੇ ਵਿਦੇਸ਼ੀ ਮੁਲਕਾਂ ਵਿਚ ਬੈਠ ਕੇ ਪੰਜਾਬ ਵਿਚ ਕ੍ਰਾਈਮ ਆਪਰੇਟ ਕਰਨ ਵਾਲੇ ਗੈਂਗਸਟਰ ਸਾਡੇ ਲਈ ਇੱਕ ਵੱਡੀ ਚੁਣੌਤੀ ਹਨ। ਮਾਨ ਸਰਕਾਰ ਨੇ ਉਨ੍ਹਾਂ ਦੇ ਸਾਰੇ ਟਿਕਾਣਿਆਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ, ਪਰ ਵਿਦੇਸ਼ਾਂ ਵਿਚ ਬੈਠੇ ਇਨ੍ਹਾਂ ਅਪਰਾਧੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੀ ਮਦਦ ਲਾਜ਼ਮੀ ਹੈ, ਜੋ ਭਾਜਪਾ ਦੀ ਗ਼ਲਤ ਨੀਅਤ ਕਾਰਨ ਨਹੀਂ ਮਿਲ ਰਹੀ।