ਚੰਡੀਗੜ੍ਹ, 28 ਜੂਨ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ’ਚ ਚੱਲ ਰਹੀ ਵਿਸ਼ੇਸ਼ ਗਹਿਰੀ ਪੁਨਰ-ਸਮੀਖਿਆ (ਐਸ.ਆਈ.ਆਰ.) 2026 ਦੌਰਾਨ ਵੋਟਰਾਂ ਵਲੋਂ ਇਨਿਊਮਰੇਸ਼ਨ ਫ਼ਾਰਮ ਜਮ੍ਹਾਂ ਕਰਵਾਉਣ ਲਈ ਉਤਸ਼ਾਹਪੂਰਵਕ ਹਿੱਸਾ ਲਿਆ ਜਾ ਰਿਹਾ ਹੈ। ਦੋ ਦਿਨਾਂ ਵਿਸ਼ੇਸ਼ ਕੈਂਪਾਂ ਤੋਂ ਬਾਅਦ ਹੁਣ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਘਰ-ਘਰ ਜਾ ਕੇ ਵੀ ਫ਼ਾਰਮ ਇਕੱਠੇ ਕਰ ਰਹੇ ਹਨ ਤਾਂ ਜੋ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹਿ ਜਾਵੇ। ਚੋਣ ਵਿਭਾਗ ਵਲੋਂ 27 ਅਤੇ 28 ਜੂਨ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਵੱਡੀ ਗਿਣਤੀ ਵਿਚ ਵੋਟਰਾਂ ਨੇ ਕੈਂਪਾਂ ’ਚ ਪਹੁੰਚ ਕੇ ਆਪਣੇ ਇਨਿਊਮਰੇਸ਼ਨ ਫ਼ਾਰਮ ਜਮ੍ਹਾਂ ਕਰਵਾਏ ਜਦਕਿ ਬੀ.ਐੱਲ.ਓਜ਼. ਨੇ ਫ਼ਾਰਮ ਭਰਨ ਤੇ ਜਮ੍ਹਾਂ ਕਰਵਾਉਣ ਵਿਚ ਵੀ ਵੋਟਰਾਂ ਦੀ ਮਦਦ ਕੀਤੀ। ਹੁਣ ਤੱਕ ਪ੍ਰਾਪਤ ਹੋਏ ਫ਼ਾਰਮਾਂ ਵਿਚੋਂ 35 ਫ਼ੀਸਦੀ ਤੋਂ ਵੱਧ ਨੂੰ ਡਿਜੀਟਲ ਰੂਪ ’ਚ ਅਪਲੋਡ ਵੀ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵਲੋਂ 14 ਮਈ, 2026 ਨੂੰ ਵਿਸ਼ੇਸ਼ ਗਹਿਰੀ ਪੁਨਰ-ਸਮੀਖਿਆ ਦੇ ਤੀਜੇ ਪੜਾਅ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਚੰਡੀਗੜ੍ਹ ’ਚ 15 ਜੂਨ ਤੋਂ ਇਨਿਊਮਰੇਸ਼ਨ ਦਾ ਕੰਮ ਸ਼ੁਰੂ ਹੋਇਆ। ਮੁਹਿੰਮ ਦੇ ਪਹਿਲੇ ਹਫ਼ਤੇ ਦੌਰਾਨ ਬੀ.ਐੱਲ.ਓਜ਼. ਨੇ ਘਰ-ਘਰ ਜਾ ਕੇ ਸਾਰੇ ਯੋਗ ਵੋਟਰਾਂ ਤੱਕ ਇਨਿਊਮਰੇਸ਼ਨ ਫਾਰਮ ਪਹੁੰਚਾਉਣ ਦਾ ਕੰਮ ਮੁਕੰਮਲ ਕਰ ਲਿਆ ਸੀ। ਚੋਣ ਵਿਭਾਗ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੋਟਰਾਂ ਨੇ ਅਜੇ ਤੱਕ ਆਪਣੇ ਭਰੇ ਹੋਏ ਫ਼ਾਰਮ ਜਮ੍ਹਾਂ ਨਹੀਂ ਕਰਵਾਏ, ਉਹ ਬੀ.ਐੱਲ.ਓ. ਦੇ ਘਰ-ਘਰ ਦੌਰੇ ਦੌਰਾਨ ਆਪਣੇ ਫਾਰਮ ਸੌਂਪ ਸਕਦੇ ਹਨ ਜਾਂ ਫਿਰ ਈ.ਸੀ.ਆਈ. ਨੈੱਟ ਪੋਰਟਲ ਤੇ ਈ.ਸੀ.ਆਈ. ਨੈੱਟ ਮੋਬਾਈਲ ਐਪ ਰਾਹੀਂ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ। ਵਿਭਾਗ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਵੋਟਰ ਈ.ਸੀ.ਆਈ.ਨੈੱਟ ਐਪ ਅਤੇ ਪੋਰਟਲ ’ਤੇ ਉਪਲਬਧ ‘ਬੁੱਕ ਏ ਕਾਲ’ ਸਹੂਲਤ ਰਾਹੀਂ ਆਪਣੇ ਸਬੰਧਤ ਬੀ.ਐੱਲ.ਓ. ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਵਿਸ਼ੇਸ਼ ਗਹਿਰੀ ਪੁਨਰ-ਸਮੀਖਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ 24 ਘੰਟੇ ਚੱਲਣ ਵਾਲੀ ਵੋਟਰ ਹੈਲਪਲਾਈਨ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।