ਚੰਡੀਗੜ੍ਹ, 28 ਜੂਨ (ਸੰਦੀਪ ਕੁਮਾਰ ਮਾਹਨਾ) –ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਐਤਵਾਰ ਨੂੰ ਸੈਕਟਰ 22 ਸਥਿਤ ਸ਼ਹਿਰੀ ਕਮਿਊਨਿਟੀ ਸਿਹਤ ਕੇਂਦਰ ਵਿਖੇ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ। ਇਸ ਮੌਕੇ ਮਾਡਲ ਟੀਕਾਕਰਨ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ। ਸਮਾਗਮ ਦੌਰਾਨ ਸਿਹਤ ਸਕੱਤਰ ਡਾ. ਸਈਅਦ ਆਬਿਦ ਰਸ਼ੀਦ ਸ਼ਾਹ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਹਰ ਬੱਚੇ ਤੱਕ ਟੀਕਾਕਰਨ ਦੀ ਸਹੂਲਤ ਪਹੁੰਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੈਕਟਰ 22 ਸਥਿਤ ਇਹ ਮਾਡਲ ਟੀਕਾਕਰਨ ਕੇਂਦਰ ਚੰਡੀਗੜ੍ਹ ਦਾ ਪੰਜਵਾਂ ਅਜਿਹਾ ਕੇਂਦਰ ਹੈ। ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੁਵਿਧਾਜਨਕ ਮਾਹੌਲ ਪ੍ਰਦਾਨ ਕਰਨ ਲਈ ਇੱਥੇ ਆਧੁਨਿਕ ਟੀਕਾਕਰਨ ਕਮਰਾ, ਟੀਕਾਕਰਨ ਤੋਂ ਬਾਅਦ ਬੱਚਿਆਂ ਲਈ ਖੇਡ ਖੇਤਰ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੱਖਰਾ ਕੋਨਾ ਤਿਆਰ ਕੀਤਾ ਗਿਆ ਹੈ। ਪ੍ਰਸ਼ਾਸਕ ਨੇ ਕੇਂਦਰ ਦਾ ਦੌਰਾ ਕਰਕੇ ਉੱਥੇ ਉਪਲਬਧ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਾਰਜਕਾਰੀ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸਦਭਾਵਨਾ ਪੰਡਿਤ ਨੇ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਕੀਤੀਆਂ ਪ੍ਰਾਪਤੀਆਂ ਅਤੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰਸ਼ਾਸਕ ਨੇ ਬੱਚਿਆਂ ਤੇ ਮਾਪਿਆਂ ਲਈ ਬਿਹਤਰ ਮਾਹੌਲ ਤਿਆਰ ਕਰਨ ਲਈ ਸਿਹਤ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਦੌਰਾਨ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੋਲੀਓ ਮੁਕਤ ਭਾਰਤ ਦੇ ਦਰਜੇ ਨੂੰ ਕਾਇਮ ਰੱਖਣ ਲਈ ਹਰ ਯੋਗ ਬੱਚੇ ਤੱਕ ਟੀਕਾਕਰਨ ਪਹੁੰਚਣਾ ਲਾਜ਼ਮੀ ਹੈ। ਉਨ੍ਹਾਂ ਨੇ ਡਾਕਟਰਾਂ, ਨਰਸਿੰਗ ਸਟਾਫ਼, ਏ.ਐਨ.ਐਮ. ਅਤੇ ਫੀਲਡ ਕਰਮਚਾਰੀਆਂ ਦੀ ਸੇਵਾਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਟੀਕਾਕਰਨ ਮੁਹਿੰਮਾਂ ਸਫ਼ਲ ਹੋ ਰਹੀਆਂ ਹਨ।ਚੰਡੀਗੜ੍ਹ ’ਚ ਇਸ ਮੁਹਿੰਮ ਤਹਿਤ 478 ਪਲਸ ਪੋਲੀਓ ਬੂਥ ਸਥਾਪਤ ਕੀਤੇ ਗਏ ਹਨ ਜਦਕਿ 1,078 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। 29 ਅਤੇ 30 ਜੂਨ ਨੂੰ ਇਹ ਟੀਮਾਂ ਘਰ-ਘਰ ਜਾ ਕੇ ਉਨ੍ਹਾਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣਗੀਆਂ, ਜੋ ਕਿਸੇ ਕਾਰਨ ਪਹਿਲੇ ਦਿਨ ਬੂਥਾਂ ਤੱਕ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ‘ਤਾਰੇ ਜ਼ਮੀਨ ਪਰ–ਨਾਈਟ ਵਿਜ਼ਿਲ’ ਨਾਂਅ ਹੇਠ ਵਿਸ਼ੇਸ਼ ਰਾਤਰੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਤਹਿਤ ਪ੍ਰਵਾਸੀ ਮਜ਼ਦੂਰਾਂ, ਬੇਘਰ ਪਰਿਵਾਰਾਂ ਤੇ ਹੋਰ ਵਾਂਝੇ ਵਰਗਾਂ ਤੱਕ ਰਾਤ ਦੇ ਸਮੇਂ ਪੋਲੀਓ ਦੀ ਖੁਰਾਕ ਪਹੁੰਚਾਈ ਜਾਵੇਗੀ। ਇਸ ਕੰਮ ਲਈ ਚਾਰ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਹਰ ਰੋਜ਼ ਸ਼ਾਮ 7 ਵਜੇ ਤੋਂ ਆਪਣਾ ਕੰਮ ਸ਼ੁਰੂ ਕਰਦੀਆਂ ਹਨ। ਸਮਾਗਮ ’ਚ ਐਨ.ਐਚ.ਐਮ. ਦੇ ਨੋਡਲ ਅਧਿਕਾਰੀ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਮਨਜੀਤ ਸਿੰਘ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ, ਜੀ.ਐਮ.ਸੀ.ਐਚ. 32 ਅਤੇ ਪੀ.ਜੀ.ਆਈ.ਐਮ.ਈ.ਆਰ. ਦੇ ਡਾਕਟਰ, ਨਰਸਿੰਗ ਸਟਾਫ਼, ਏ.ਐਨ.ਐਮ., ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.), ਯੂ.ਐਨ.ਡੀ.ਪੀ., ਜੌਨ ਸਨੋ ਇੰਡੀਆ ਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸ਼ਾਸਕ ਨੇ ਟੀਕਾਕਰਨ ਕਰਵਾਉਣ ਵਾਲੇ ਬੱਚਿਆਂ ਨੂੰ ਤੋਹਫ਼ੇ ਵੀ ਵੰਡੇ ਤੇ ਸਿਹਤ ਕਰਮਚਾਰੀਆਂ ਦਾ ਹੌਸਲਾ ਵਧਾਇਆ। ਮੁਹਿੰਮ ਦੇ ਪਹਿਲੇ ਦਿਨ ਚੰਡੀਗੜ੍ਹ ਵਿਚ ਲਗਭਗ 34,835 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਸਿਹਤ ਵਿਭਾਗ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਬੱਚਾ ਪਹਿਲੇ ਦਿਨ ਪੋਲੀਓ ਦੀ ਖੁਰਾਕ ਤੋਂ ਵਾਂਝਾ ਰਹਿ ਗਿਆ ਹੈ ਤਾਂ 29 ਤੇ 30 ਜੂਨ ਨੂੰ ਘਰ-ਘਰ ਚੱਲਣ ਵਾਲੀ ਮੁਹਿੰਮ ਦੌਰਾਨ ਉਸ ਨੂੰ ਜ਼ਰੂਰ ਪੋਲੀਓ ਰੋਕੂ ਬੂੰਦਾਂ ਪਿਲਵਾਈਆਂ ਜਾਣ।