ਨਿਊਯਾਰਕ, 28 ਜੂਨ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਆਪਣੇ ਨਾਕਆਊਟ ਪੜਾਅ ਵੱਲ ਵੱਧ ਰਿਹਾ ਹੈ। 48 ਟੀਮਾਂ ਨੇ ਆਪਣੇ ਗਰੁੱਪ ਮੈਚ ਖੇਡੇ। ਜਿਨ੍ਹਾਂ ਚੋਂ 32 ਦੇਸ਼ਾਂ ਦੀਆਂ ਟੀਮਾਂ ਨੇ ਨਾਕਆਊਟ ਲਈ ਕੁਆਲੀਫਾਈ ਕੀਤਾ। ਪਰ ਵੱਡੀ ਗੱਲ ਇਹ ਹੈ ਕਿ ਇਸ ਵੱਡੇ ਫਾਰਮੈਟ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਵਰਗੇ ਦੱਖਣੀ ਏਸ਼ੀਆਈ ਦੇਸ਼ ਟੂਰਨਾਮੈਂਟ ਲਈ ਕੁਆਲੀਫਾਈ ਨਹੀਂ ਕਰ ਸਕੇ। ਦੋਵਾਂ ਦੇਸ਼ਾਂ ਵਿਚ ਫੁੱਟਬਾਲ ਪ੍ਰੇਮੀਆਂ ਦੀ ਗਿਣਤੀ ਵਧ ਰਹੀ ਹੈ, ਪਰ ਮੈਦਾਨੀ ਪ੍ਰਦਰਸ਼ਨ ਅਜੇ ਵਿਸ਼ਵ ਪੱਧਰ ਤੱਕ ਨਹੀਂ ਪਹੁੰਚ ਸਕਿਆ। ਭਾਰਤ ਦੀ ਟੀਮ ਏਸ਼ੀਆਈ ਕੁਆਲੀਫਾਇੰਗ ਦੌਰ ’ਚ ਲੋੜੀਂਦੇ ਨਤੀਜੇ ਹਾਸਲ ਨਹੀਂ ਕਰ ਸਕੀ। ਭਾਰਤ ’ਚ ਕ੍ਰਿਕਟ ਦੇ ਮੁਕਾਬਲੇ ਫੁੱਟਬਾਲ ਨੂੰ ਘੱਟ ਢਾਂਚਾਗਤ ਸਹਾਇਤਾ ਮਿਲਣੀ, ਮਜ਼ਬੂਤ ਘਰੇਲੂ ਲੀਗ ਦੀ ਕਮੀ ਤੇ ਅੰਤਰਰਾਸ਼ਟਰੀ ਪੱਧਰ ਦੇ ਤਜਰਬੇ ਦੀ ਘਾਟ ਵੱਡੀਆਂ ਚੁਣੌਤੀਆਂ ਮੰਨੀਆਂ ਜਾਂਦੀਆਂ ਹਨ। ਇਸੇ ਕਾਰਨ ਭਾਰਤ ਅਜੇ ਤੱਕ ਵਿਸ਼ਵ ਕੱਪ ਦੇ ਮੁੱਖ ਦੌਰ ’ਚ ਆਪਣੀ ਥਾਂ ਨਹੀਂ ਬਣਾ ਸਕਿਆ। ਪਾਕਿਸਤਾਨ ਦੀ ਸਥਿਤੀ ਵੀ ਕੁਝ ਵੱਖਰੀ ਨਹੀਂ। ਪਾਕਿਸਤਾਨ ’ਚ ਫੁੱਟਬਾਲ ਨੂੰ ਲੰਮੇ ਸਮੇਂ ਤੋਂ ਪ੍ਰਬੰਧਕੀ ਸਮੱਸਿਆਵਾਂ, ਘੱਟ ਨਿਵੇਸ਼ ਤੇ ਟੀਮ ਦੀ ਕਮਜ਼ੋਰ ਅੰਤਰਰਾਸ਼ਟਰੀ ਰੈਂਕਿੰਗ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਪਾਕਿਸਤਾਨ ਵੀ 2026 ਫੀਫਾ ਵਿਸ਼ਵ ਕੱਪ ’ਚ ਨਹੀਂ ਸ਼ਾਮਿਲ ਹੋ ਪਾਇਆ। ਸਿਰਫ਼ ਭਾਰਤ-ਪਾਕਿਸਤਾਨ ਹੀ ਨਹੀਂ, ਕਈ ਵੱਡੀਆਂ ਫੁੱਟਬਾਲ ਟੀਮਾਂ ਵੀ ਇਸ ਵਾਰ ਬਾਹਰ ਰਹਿ ਗਈਆਂ। ਚਾਰ ਵਾਰ ਦੀ ਵਿਸ਼ਵ ਕੱਪ ਜੇਤੂ ਇਟਲੀ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ। ਡੈਨਮਾਰਕ, ਨਾਈਜੀਰੀਆ, ਯੂਕਰੇਨ ਤੇ ਪੋਲੈਂਡ ਵਰਗੇ ਦੇਸ਼ ਵੀ ਇਸ ਵਾਰ ਟੂਰਨਾਮੈਂਟ ਤੋਂ ਬਾਹਰ ਰਹੇ।