ਸੰਤ ਕਬੀਰ ਜੈਅੰਤੀ ਦੇ ਪਾਵਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ
ਅਜੀਤ ਡੈਸਕ
29-06-2026
ਚੰਡੀਗੜ੍ਹ, 28 ਜੂਨ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤ ਕਬੀਰ ਮਾਨਵ ਮਾਤਰ ਦੇ ਸਭ ਤੋਂ ਵੱਡੇ ਮਾਰਗਦਰਸ਼ਕ, ਸਮਾਜਿਕ ਚੇਤਨਾ ਦੇ ਅਗਰਦੂਤ ਅਤੇ ਅਦਭੁਤ ਸੰਤ ਹੋਏ ਹਨ, ਉਨ੍ਹਾਂ ਦੇ ਵਿਚਾਰਾਂ ਨੂੰ ਜੀਵਨ ਵਿਚ ਆਤਮਸਾਤ ਕਰੋ। ਮੁੱਖ ਮੰਤਰੀ ਆਪਣੀ ਨਿੱਜੀ ਰਿਹਾਇਸ਼ ‘ਸੰਤ ਕਬੀਰ ਕੁਟੀਰ’ ਵਿਖੇ ਸੰਤ ਕਬੀਰ ਜਯੰਤੀ ਦੇ ਪਾਵਨ ਮੌਕੇ ‘ਤੇ ਕਰਵਾਏ ਗਏ ਸ਼ਾਮ ਦੇ ਪ੍ਰੋਗਰਾਮ ਵਿਚ ਨਾਗਰਿਕਾਂ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਸੰਤ ਸ਼੍ਰੋਮਣੀ ਕਬੀਰ ਦਾਸ ਦੇ ਚਰਨਾਂ ਵਿਚ ਨਮਨ ਕਰਦਿਆਂ ਪ੍ਰਦੇਸ਼ ਵਾਸੀਆਂ ਨੂੰ ਸੰਤ ਕਬੀਰ ਜਯੰਤੀ ਦੀ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਸੰਤ ਕਬੀਰ ਜਯੰਤੀ ਰਾਜ ਪੱਧਰ ‘ਤੇ ਭਿਵਾਨੀ ਵਿਚ ਮਨਾਈ ਜਾਵੇਗੀ। ਇਸ ਮੌਕੇ ਪਦਮ ਸ੍ਰੀ ਪ੍ਰਹਿਲਾਦ ਸਿੰਘ ਟਿਪਾਨੀਆ ਨੇ ਕਬੀਰ ਬਾਣੀ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਭਾਰਤੀ ਸੰਸਕ੍ਰਿਤੀ ਦੀ ਸਰਵ-ਧਰਮ ਸਮਭਾਵ ਅਤੇ ਵਸੁਧੈਵ ਕੁਟੁੰਬਕਮ ਪਰੰਪਰਾ ਦੇ ਸੰਵਾਹਕ ਅਤੇ ਇਤਿਹਾਸ ਦੇ ਅਨਮੋਲ ਰਤਨ ਸਨ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਹਰਿਆਣਾ ਇਕ ਹਰਿਆਣਵੀ ਇਕ’ ਦੀ ਭਾਵਨਾ ਨਾਲ ਲਾਗੂ ਕੀਤੀ ਗਈ ਸਰਕਾਰ ਦੀ ਹਰ ਯੋਜਨਾ, ਹਰ ਨੀਤੀ, ਹਰ ਫੈਸਲੇ ਵਿੱਚ ਸੰਤ ਕਬੀਰ ਦਾਸ ਦੀ ਭਾਵਨਾ ਅਤੇ ਉਨ੍ਹਾਂ ਦਾ ਸਵਾਭਿਮਾਨ ਵੱਸਦਾ ਹੈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੰਤ ਕਬੀਰ ਦੇ ਅੰਤਿਮ ਯਾਤਰਾ ਸਥਾਨ ਮਗਹਰ (ਉੱਤਰ ਪ੍ਰਦੇਸ਼) ਨੂੰ ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਹੈ। ਇਸ ਵਿੱਚ ਸੈਮੀਨਾਰ ਆਦਿ ਦੇ ਨਾਲ ਸੰਤ ਕਬੀਰ ਨੂੰ ਸੰਪੂਰਨਤਾ ਵਿੱਚ ਪੇਸ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਕਬੀਰ ਸੰਧਿਆ ਪ੍ਰੋਗਰਾਮ ਵਿੱਚ ਪੰਚਾਇਤ ਮੰਤਰੀ ਕ੍ਰਿਸ਼ਨ ਪੰਵਾਰ, ਸਿੱਖਿਆ ਮੰਤਰੀ ਮਹਿਪਾਲ ਢਾਂਡਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਖੇਤੀਬਾੜੀ ਮੰਤਰੀ ਸ਼ਾਮ ਸਿੰਘ ਰਾਣਾ, ਸਮਾਜਿਕ ਨਿਆਂ ਮੰਤਰੀ ਕ੍ਰਿਸ਼ਨ ਬੇਦੀ ਸਮੇਤ ਹੋਰ ਵਿਧਾਇਕ ਅਤੇ ਪਤਵੰਤੇ ਸੱਜਣ ਮੌਜੂਦ ਸਨ।