ਚੰਡੀਗੜ੍ਹ, 28 ਜੂਨ (ਅਜਾਇਬ ਸਿੰਘ ਔਜਲਾ)- ਮਾਨਵ ਕਲਿਆਣ ਵਿਖੇ ਰੋਟਰੀ ਕਲੱਬ ਚੰਡੀਗੜ੍ਹ ਅਤੇ ਡੀ.ਵੀ ਕੇਅਰ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ ਦੇ ਸੈਕਟਰ 42 ਦੇ ਕਮਿਊਨਿਟੀ ਸੈਂਟਰ ਵਿਖੇ ਇੱਕ ਮੁਫ਼ਤ ਮੈਡੀਕਲ ਜਾਂਚ ਅਤੇ ਫੇਫੜਿਆਂ ਬਾਰੇ ਸਿਹਤ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਵਲੋਂ ਕੀਤਾ ਗਿਆ। ਇਸ ਵਿਚ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਨੇ ਸਿਹਤ ਕੈਂਪ ਵਿੱਚ ਹਿੱਸਾ ਲਿਆ। ਕੈਂਪ ਵਿਚ ਸ਼ੂਗਰ ਟੈਸਟਿੰਗ, ਬਲੱਡ ਪ੍ਰੈਸ਼ਰ, ਅੱਖਾਂ ਦੀ ਜਾਂਚ, ਦੰਦਾਂ ਦੀ ਜਾਂਚ, ਈ.ਸੀ.ਜੀ., ਫਿਜ਼ੀਓਥੈਰੇਪੀ, ਨੈਚਰੋਪੈਥੀ ਅਤੇ ਕੰਪਿਊਟਰਾਈਜ਼ਡ ਫੇਫੜਿਆਂ ਦੇ ਫੰਕਸ਼ਨ ਟੈਸਟ ਸਮੇਤ ਕਈ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਡਾਇਰੈਕਟਰ ਡਾ. ਸੁਰੇਸ਼ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਲੋਕਾਂ ਦੇ ਫੇਫੜਿਆਂ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਅਤੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਇਸ ਤੋਂ ਇਲਾਵਾ, ਤਜਰਬੇਕਾਰ ਡਾਕਟਰਾਂ ਦੀ ਟੀਮ ਨੇ ਦਵਾਈ, ਕਾਰਡੀਓਲੋਜੀ, ਆਰਥੋਪੈਡਿਕਸ, ਡਰਮਾਟੋਲੋਜੀ, ਈਐਨਟੀ, ਹੋਮਿਓਪੈਥੀ, ਆਯੁਰਵੇਦ, ਨੈਚਰੋਪੈਥੀ, ਐਕਿਊਪ੍ਰੈਸ਼ਰ, ਗਾਇਨੀਕੋਲੋਜੀ ਤੇ ਫਿਜ਼ੀਓਥੈਰੇਪੀ ਵਿੱਚ ਸਲਾਹ-ਮਸ਼ਵਰਾ ਪ੍ਰਦਾਨ ਕੀਤਾ। ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਨਵ ਕਲਿਆਣ ਵਿਖੇ ਲੋਕਾਂ ਲਈ ਠੰਡੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਰਾਜਕੁਮਾਰ ਸ਼ਰਮਾ, ਗੋਇਲ ਪ੍ਰਧਾਨ ਸਨਾਤਨ ਧਰਮ ਮੰਦਰ ਅਤੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਾਨਵ ਕਲਿਆਣ ਪਰਿਸਰ ਦੇ ਧਰਮਪਾਲ ਸ਼ਰਮਾ ਸਮੇਤ ਹੋਰ ਵੀ ਸ਼ਖਸੀਅਤਾਂ ਮੌਜੂਦ ਸਨ।