ਚੰਡੀਗੜ੍ਹ, 1 ਜੁਲਾਈ (ਕਪਿਲ ਵਧਵਾ)–ਚੰਡੀਗੜ੍ਹ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਬੈਂਕ ਕਰਮਚਾਰੀ ਬਣ ਕੇ 2.41 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਲੋਆ ਵਾਸੀ ਚਰਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਠੱਗਾਂ ਨੇ ਆਪਣੇ ਆਪ ਨੂੰ ਉਸ ਬੈਂਕ ਦਾ ਕਰਮਚਾਰੀ ਦੱਸਿਆ ਜਿਸ ਵਿਚ ਦਾ ਬੈਂਕ ਖਾਤਾ ਸੀ, ਉਨ੍ਹਾਂ ਉਸ ਨਾਲ ਸੰਪਰਕ ਕੀਤਾ ਅਤੇ ਝਾਂਸੇ ਵਿਚ ਲੈ ਕੇ ਵੱਖ-ਵੱਖ ਆਨਲਾਈਨ ਲੈਣ-ਦੇਣ ਰਾਹੀਂ ਉਸ ਦੇ ਖਾਤੇ ਵਿਚੋਂ ਕੁੱਲ 2,41,275 ਰੁਪਏ ਕਢਵਾ ਕੇ ਉਸ ਨਾਲ ਠੱਗੀ ਕਰ ਲਈ। ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਾਈਬਰ ਕ੍ਰਾਈਮ ਚੰਡੀਗੜ੍ਹ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਜਾਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਠੱਗੀ ਗਈ ਰਕਮ ਦੇ ਲੈਣ-ਦੇਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।