ਚੰਡੀਗੜ੍ਹ, 5 ਜੁਲਾਈ (ਅਜਾਇਬ ਸਿੰਘ ਔਜਲਾ)–ਹਾਊਸਫੈੱਡ ਪੰਜਾਬ ਦੇ ਸੇਵਾਮੁਕਤ ਅਤੇ ਕਰਮਚਾਰੀਆਂ ਦੀਆਂ ਲੰਮੇ ਅਰਸੇ ਤੋਂ ਪਈਆਂ ਮੰਗਾਂ ਦੇ ਸਬੰਧ ਵਿਚ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਸੰਯਮ ਅਗਰਵਾਲ ਆਈ. ਏ. ਐੱਸ. ਅਤੇ ਸਰਬਜੀਤ ਕੌਰ ਮੈਨੇਜਿੰਗ ਡਾਇਰੈਕਟਰ ਨੂੰ ਜਥੇਬੰਦੀ ਦੇ ਵਫ਼ਦ ਜਿਸਦੀ ਅਗਵਾਈ ਪ. ਸ. ਸ. ਫ. ਦੇ ਐਡੀਸ਼ਨਲ ਜਨਰਲ ਸਕੱਤਰ ਅਤੇ ਪ੍ਰਧਾਨ ਸਾਂਝੀ ਐਕਸ਼ਨ ਕਮੇਟੀ ਪੰਜਾਬ ਤੇ ਯੂ. ਟੀ. ਕਰਤਾਰ ਸਿੰਘ ਪਾਲ, ਪੰਜਾਬ ਹਾਊਸਫੈੱਡ ਦੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਾਕਾ ਸਿੰਘ ਨਾਲ ਮਿਲਿਆ। ਇਸ ਵਫ਼ਦ ਵਲੋਂ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਕਿਹਾ ਕਿ 2018 ਤੋਂ ਬੰਦ ਕੀਤੀਆਂ ਸਾਲਾਨਾ ਤਰੱਕੀਆਂ ਖੁੱਲਣ ਉਪਰੰਤ ਉਨ੍ਹਾਂ ਦਾ ਬਕਾਇਆ ਜਾਰੀ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਅੰਤਿਮ ਰਾਹਤ ਬਾਰੇ ਜੋ ਫ਼ੈਸਲਾ ਪਹਿਲੀ ਮੀਟਿੰਗ ਵਿਚ ਕੀਤਾ ਗਿਆ ਸੀ ਉਸ ਅੰਤਿਮ ਰਾਹਤ ਦਾ ਬਕਾਇਆ ਰਾਸ਼ੀ ਵੀ ਤੁਰੰਤ ਜਾਰੀ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਇਸ ਮੰਗ ਸਬੰਧੀ ਮੈਨੇਜਿੰਗ ਡਾਇਰੈਕਟਰ ਵਲੋਂ ਜਥੇਬੰਦੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਮੰਗ ਦੇ ਬਕਾਏ ਸਬੰਧੀ ਪ੍ਰਵਾਨਗੀ ਹੋ ਚੁੱਕੀ ਹੈ ਜਲਦੀ ਹੀ ਬਕਾਇਆ ਦੇ ਦਿੱਤਾ ਜਾਵੇਗਾ। ਹਾਊਸਫੈੱਡ ਅਦਾਰੇ ਵਲੋਂ ਅਜੇ ਤੱਕ 6ਵੇਂ ਪੇ ਕਮਿਸ਼ਨ ਦਾ ਬਣਦਾ ਲਾਭ ਨਹੀਂ ਦਿੱਤਾ ਗਿਆ। ਇਸ ਸਬੰਧੀ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਜੀ ਨੇ ਮੈਨੇਜਿੰਗ ਡਾਇਰੈਕਟਰ ਹਾਊਸਫੈੱਡ ਨੂੰ ਇਸ ਮੰਗ ਸਬੰਧੀ ਜਲਦੀ ਹੀ ਹਾਊਸਫੈੱਡ ਮੀਟਿੰਗ ਸੱਦ ਕੇ ਇਸ ਮਸਲੇ ਸਬੰਧੀ ਕਾਰਵਾਈ ਕੀਤੀ ਜਾਵੇ। ਜਥੇਬੰਦੀ ਦੇ ਵਫ਼ਦ ’ਚ ਕਰਤਾਰ ਸਿੰਘ ਪਾਲ, ਕਾਕਾ ਸਿੰਘ ਪ੍ਰਧਾਨ ਮੁੱਖ ਦਫ਼ਤਰ, ਹਰਨਾਮ ਸਿੰਘ, ਜਮ ਬਹਾਦਰ ਅਤੇ ਅਸ਼ੋਕ ਕੁਮਾਰ ਆਦਿ ਆਗੂਆਂ ਨੇ ਦਿੱਤੇ ਭਰੋਸੇ ਨੂੰ ਮੁੱਖ ਰੱਖਦਿਆਂ ਕਿਹਾ ਕਿ ਜਿਵੇਂ ਪਹਿਲੀਆਂ ਮੰਗਾਂ ਲਾਗੂ ਕਰਨ ਸਬੰਧੀ ਕੰਮ ਕੀਤਾ ਗਿਆ ਓਵੇਂ ਅੱਗੋਂ ਵੀ ਸਾਰਥਿਕ ਕਾਰਵਾਈ ਕੀਤੀ ਜਾਵੇਗੀ।