ਚੰਡੀਗੜ੍ਹ, 8 ਜੁਲਾਈ (ਅਜੀਤ ਬਿਊਰੋ)- ਲੌਜਿਸਟਿਕਸ ਲਾਗਤਾਂ ਨੂੰ ਘਟਾਉਣ ਅਤੇ ਸੂਬੇ ਦੀ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਤਹਿਤ ਪੰਜਾਬ ਸਰਕਾਰ ਨੇ ਰਾਜ ਦੀ ਸਪਲਾਈ ਚੇਨ ਨੂੰ ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੇਟਫ਼ਾਰਮ (ਯੂ.ਐਲ.ਆਈ.ਪੀ.) ਨਾਲ ਜੋੜਨ ਲਈ ‘ਐੱਨ.ਆਈ.ਸੀ.ਡੀ.ਸੀ. ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਟਿਡ’ (ਐਨ.ਐਲ.ਡੀ.ਐਸ.ਐਲ) ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇੱਥੇ ਉਦਯੋਗ ਭਵਨ ਵਿਖੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿਚ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਅਤੇ ਐਨ.ਐਲ.ਡੀ.ਐਸ.ਐਲ. ਦੇ ਚੀਫ਼ ਐਗਜ਼ੀਕਿਊਟਿਵ ਤਾਕਾਯੁਕੀ ਕਾਨੋ ਵੱਲੋਂ ਇਸ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਇਸ ਮੌਕੇ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਬੰਧਕੀ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਵੀ ਹਾਜ਼ਰ ਸਨ। ਅਮਨ ਅਰੋੜਾ ਨੇ ਕਿਹਾ ਕਿ ਇਹ ਸਮਝੌਤਾ ਇਕ ਸਿੰਗਲ ਇੰਟਰਫੇਸ ਰਾਹੀਂ ਵੱਖ-ਵੱਖ ਸਰਕਾਰੀ ਪ੍ਰਣਾਲੀਆਂ ਅਤੇ ਨਿੱਜੀ ਲੌਜਿਸਟਿਕਸ ਆਪਰੇਟਰਾਂ ਦਰਮਿਆਨ ਰੀਅਲ-ਟਾਈਮ ਡੇਟਾ ਸ਼ੇਅਰਿੰਗ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਕੁਸ਼ਲ ਲੌਜਿਸਟਿਕਸ ਈਕੋਸਿਸਟਮ ਉਦਯੋਗਿਕ ਵਿਕਾਸ ਲਈ ਇਕ ਮਹੱਤਵਪੂਰਨ ਸਾਧਨ ਹੈ। ਇਹ ਭਾਈਵਾਲੀ ਵਪਾਰਕ ਪ੍ਰਕਿਰਿਆਵਾਂ ਨੂੰ ਸਰਲ ਬਣਾਏਗੀ, ਰੀਅਲ-ਟਾਈਮ ਨਿਗਰਾਨੀ ਰਾਹੀਂ ਮਾਲ ਦੀ ਆਵਾਜਾਈ ਵਿਚ ਸੁਧਾਰ ਕਰੇਗੀ ਅਤੇ ਸਿੱਧੇ ਤੌਰ ’ਤੇ ਨਿਰਯਾਤਕਾਂ, ਐਮ.ਐਸ.ਐਮ.ਈਜ਼. ਅਤੇ ਟਰਾਂਸਪੋਰਟਰਾਂ ਨੂੰ ਲਾਭ ਪਹੁੰਚਾਏਗੀ। ਉਦਯੋਗ ਮੰਤਰੀ ਨੇ ਕਿਹਾ ਕਿ ਯੂ.ਐਲ.ਆਈ.ਪੀ. ਇੰਟੀਗ੍ਰੇਸ਼ਨ ਨਾਲ ਸਰਕਾਰੀ ਵਿਭਾਗਾਂ, ਲੌਜਿਸਟਿਕਸ ਸੇਵਾ ਪ੍ਰਦਾਤਾਵਾਂ ਅਤੇ ਉਦਯੋਗ ਦੇ ਭਾਈਵਾਲਾਂ ਦਰਮਿਆਨ ਤਾਲਮੇਲ ਵਧਣ ਦੀ ਉਮੀਦ ਹੈ।ਇਸ ਤੋਂ ਇਲਾਵਾ ਇਸ ਨਾਲ ਸਪਲਾਈ ਚੇਨ ਦੀ ਵਿਜ਼ੀਬਿਲਟੀ ਵਿਚ ਸੁਧਾਰ ਹੋਵੇਗਾ, ਅਕੁਸ਼ਲਤਾਵਾਂ ਘਟਣਗੀਆਂ ਅਤੇ ਪੰਜਾਬ ਦੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਹੁਲਾਰਾ ਮਿਲੇਗਾ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਕ ਆਧੁਨਿਕ, ਪਾਰਦਰਸ਼ੀ ਅਤੇ ਨਿਵੇਸ਼ਕ-ਪੱਖੀ ਉਦਯੋਗਿਕ ਮਾਹੌਲ ਸਿਰਜਣ ਲਈ ਲਗਾਤਾਰ ਢੁਕਵੇਂ ਕਦਮ ਚੁੱਕ ਰਹੀ ਹੈ। ਐਨ.ਐਲ.ਡੀ.ਐਸ.ਐਲ. ਨਾਲ ਇਹ ਸਮਝੌਤਾ ਲੌਜਿਸਟਿਕਸ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਤੇ ਨਿਵੇਸ਼ਕਾਂ ਲਈ ਵਿਸ਼ਵ ਪੱਧਰੀ ਸਹਾਇਤਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਲੜੀਵਾਰ ਪਹਿਲਕਦਮੀਆਂ ਵਿਚ ਇਕ ਨਵਾਂ ਮੀਲਪੱਥਰ ਹੈ। ਇਸ ਸਮਝੌਤੇ ਤੋਂ ਬਾਅਦ ਐਨ.ਐਲ.ਡੀ.ਐਲ.ਐਲ ਨੇ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਲਈ ਇਕ ਤਕਨੀਕੀ ਵਰਕਸ਼ਾਪ ਕਰਵਾਈ, ਜਿਸ ਵਿਚ ਤਿੰਨ ਪ੍ਰਮੁੱਖ ਹੱਲਾਂ ਬਾਰੇ ਪੇਸ਼ਕਾਰੀ ਦਿੱਤੀ ਗਈ- ਜਿਸ ਵਿਚ ਕੰਟੇਨਰ ਵਿਜ਼ੀਬਿਲਟੀ ਲਈ ‘ਲੌਜਿਸਟਿਕਸ ਡੇਟਾ ਬੈਂਕ’, ਰੀਅਲ-ਟਾਈਮ ਸ਼ਿਪਮੈਂਟ ਟਰੈਕਿੰਗ ਲਈ ‘ਟਰੈਕ ਯੂਅਰ ਟਰਾਂਸਪੋਰਟ’ ਅਤੇ ਫਲੀਟ ਐਂਡ ਫਰੇਟ ਪ੍ਰਬੰਧਨ ਲਈ ‘ਟਰਾਂਸਪੋਰਟ ਮੈਨੇਜਮੈਂਟ ਸਿਸਟਮ’ ਸ਼ਾਮਿਲ ਹੈ।