ਚੰਡੀਗੜ੍ਹ, 8 ਜੁਲਾਈ (ਅ. ਬ.)- ਐਕਸਿਸ ਮੈਕਸ ਲਾਈਫ ਇੰਸ਼ੋਰੈਂਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਐਮ.ਡੀ. ਅਤੇ ਸੀ.ਈ.ਓ.) ਸੁਮਿਤ ਮਦਾਨ ਨੇ ਕਿਹਾ ਕਿ ਕੰਪਨੀ ਕ੍ਰਿਤ੍ਰਿਮ ਬੁੱਧੀ (ਏ.ਆਈ.), ਡਿਜ਼ਿਟਲ ਤਕਨਾਲੋਜੀ, ਮਜ਼ਬੂਤ ਏਜੰਸੀ ਨੈੱਟਵਰਕ ਅਤੇ ਗਾਹਕ-ਕੇਂਦਰਿਤ ਨਵੀਨਤਾਵਾਂ ਦੇ ਜ਼ਰੀਏ ਜੀਵਨ ਬੀਮਾ ਖੇਤਰ ਵਿਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਸ੍ਰੀ ਮਦਾਨ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਦੇ ਸਭ ਤੋਂ ਜਾਗਰੂਕ ਅਤੇ ਖੁਸ਼ਹਾਲ ਬੀਮਾ ਬਾਜ਼ਾਰਾਂ ਵਿੱਚੋਂ ਇਕ ਹੈ। ਇੱਥੇ ਵੱਡੀ ਗਿਣਤੀ ਵਿਚ ਐੱਨ.ਆਰ.ਆਈ. ਵੱਸਦੇ ਹਨ, ਲੋਕਾਂ ਨੂੰ ਵਿੱਤੀ ਉਤਪਾਦਾਂ ਦੀ ਚੰਗੀ ਸਮਝ ਹੈ ਅਤੇ ਆਮਦਨ ਦਾ ਪੱਧਰ ਵੀ ਹੋਰ ਸ਼ਹਿਰਾਂ ਦੇ ਮੁਕਾਬਲੇ ਵੱਧ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੀ ਪੂਰੇ ਪੰਜਾਬ ਵਿੱਚ ਮਜ਼ਬੂਤ ਮੌਜੂਦਗੀ ਹੈ ਅਤੇ ਏਜੰਸੀ, ਬੈਂਕ ਇੰਸ਼ੋਰੈਂਸ ਅਤੇ ਡਿਜ਼ਿਟਲ ਪਲੇਟਫਾਰਮਾਂ ਰਾਹੀਂ ਗਾਹਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿਚ ਵਿਸਥਾਰ ਲਈ ਬੈਂਕਿੰਗ ਭਾਈਵਾਲੀਆਂ ਤੇ ਏਜੰਸੀ ਨੈੱਟਵਰਕ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ.ਆਈ. ਨੇ ਜੀਵਨ ਬੀਮਾ ਉਦਯੋਗ ਵਿੱਚ ਵੱਡਾ ਬਦਲਾਅ ਲਿਆ ਹੈ। ਮੈਡੀਕਲ ਅੰਡਰਰਾਈਟਿੰਗ, ਜੋਖ਼ਮ ਮੁਲਾਂਕਣ, ਵਿਕਰੀ ਸਮਰੱਥਾ ਅਤੇ ਗਾਹਕ ਸੇਵਾ ਵਿੱਚ ਏਆਈ ਦੀ ਵਰਤੋਂ ਨਾਲ ਪ੍ਰਕਿਰਿਆਵਾਂ ਹੋਰ ਤੇਜ਼, ਸਹੀ ਤੇ ਪ੍ਰਭਾਵਸ਼ਾਲੀ ਹੋਈਆਂ ਹਨ। ਇਸਦੇ ਨਾਲ ਹੀ ਡਿਜ਼ਿਟਲ ਤਕਨਾਲੋਜੀ ਰਾਹੀਂ ਗਾਹਕਾਂ ਨੂੰ ਸੌਖੀਆਂ, ਪਾਰਦਰਸ਼ੀ ਤੇ ਸੁਵਿਧਾਜਨਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।