ਐੱਸ. ਏ. ਐੱਸ. ਨਗਰ, 8 ਜੁਲਾਈ (ਕਪਿਲ ਵਧਵਾ)-ਬਲੌਂਗੀ ਦੇ ਪੁਰਾਣੇ ਟੈਕਸ ਬੈਰੀਅਰ ਨੇੜੇ ਜਨਵਰੀ 2022 ਵਿਚ ਹੋਏ ਲਾਲ ਰਤਨ ਕਤਲ ਮਾਮਲੇ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ ਦੋਸ਼ੀ ਰਵੀ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ 20 ਹਜ਼ਾਰ ਰੁ. ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਉਸ ਨੂੰ ਛੇ ਮਹੀਨਿਆਂ ਦੀ ਵਾਧੂ ਕੈਦ ਭੁਗਤਣੀ ਹੋਵੇਗੀ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਇਸਤਗਾਸਾ ਪੱਖ ਰਵੀ ਸ਼ਰਮਾ ਖ਼ਿਲਾਫ਼ ਕਤਲ ਦਾ ਦੋਸ਼ ਸਾਬਿਤ ਕਰਨ ਵਿਚ ਕਾਮਯਾਬ ਰਿਹਾ ਹੈ। ਜਾਂਚ ਦੌਰਾਨ ਬਰਾਮਦ ਹੋਏ ਖ਼ੂਨ ਨਾਲ ਲਥਪਥ ਚਾਕੂ, ਡੀ. ਐਨ. ਏ. ਅਤੇ ਫ਼ੋਰੈਂਸਿਕ ਸਬੂਤਾਂ ਨੇ ਰਵੀ ਸ਼ਰਮਾ ਦੀ ਭੂਮਿਕਾ ਨੂੰ ਸਾਬਿਤ ਕੀਤਾ ਹੈ। ਹਾਲਾਂਕਿ ਸਾਜਿਸ਼ ਅਤੇ ਹੋਰ ਦੋਸ਼ਾਂ ਸੰਬੰਧੀ ਪੁਖਤਾ ਸਬੂਤ ਨਾ ਹੋਣ ਕਾਰਨ ਉਸ ਨੂੰ ਉਨ੍ਹਾਂ ਧਾਰਾਵਾਂ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਇਸੇ ਮਾਮਲੇ ਵਿਚ ਨਾਮਜ਼ਦ ਜਸਪ੍ਰੀਤ ਸਿੰਘ ਉਰਫ਼ ਵੈੱਲੀ ਅਤੇ ਸਤਨਾਮ ਸਿੰਘ ਉਰਫ਼ ਬੌਬੀ ਨੂੰ ਅਦਾਲਤ ਨੇ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਦੋਵਾਂ ਖ਼ਿਲਾਫ਼ ਕਤਲ ਜਾਂ ਅਪਰਾਧਿਕ ਸਾਜਿਸ਼ ਵਿਚ ਸ਼ਮੂਲੀਅਤ ਸਾਬਿਤ ਕਰਨ ਲਈ ਭਰੋਸੇਯੋਗ ਸਬੂਤ ਪੇਸ਼ ਨਹੀਂ ਕੀਤੇ ਗਏ। ਜ਼ਿਕਰਯੋਗ ਹੈ ਕਿ 24 ਜਨਵਰੀ 2022 ਦੀ ਰਾਤ ਨੂੰ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਲੜਾਈ-ਝਗੜਾ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਅਨੁਸਾਰ ਬਲੌਂਗੀ ਦੇ ਪੁਰਾਣੇ ਟੈਕਸ ਬੈਰੀਅਰ ਨੇੜੇ ਲਾਲ ਰਤਨ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ, ਜਿਸ ਉਪਰੰਤ ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਫੇਜ਼-6 ਮੁਹਾਲੀ ਅਤੇ ਬਾਅਦ ਵਿਚ ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ ਲਿਜਾਇਆ ਗਿਆ ਸੀ, ਜਿਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਰਵੀ ਸ਼ਰਮਾ, ਜਸਪ੍ਰੀਤ ਸਿੰਘ ਉਰਫ਼ ਵੈੱਲੀ ਤੇ ਸਤਨਾਮ ਸਿੰਘ ਉਰਫ਼ ਬੌਬੀ ਸਮੇਤ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮੁਹਾਲੀ ਅਦਾਲਤ ਵਲੋਂ ਕਤਲ ਦੇ ਮਾਮਲੇ ‘ਚ ਇਕ ਹਫ਼ਤੇ ਦੌਰਾਨ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਇਹ ਤੀਸਰਾ ਫ਼ੈਸਲਾ ਹੈ। ਇਸ ਤੋਂ ਪਹਿਲਾਂ ਵੱਖ- ਵੱਖ ਅਦਾਲਤਾਂ ਨੇ ਥਾਣਾ ਮਟੌਰ ਅਤੇ ਥਾਣਾ ਕੁਰਾਲੀ ਸਿਟੀ ਵਲੋਂ ਦਰਜ ਕੀਤੇ ਗਏ ਹੱਤਿਆ ਦੇ ਦੋ ਮਾਮਲਿਆਂ ਵਿਚ ਕ੍ਰਮਵਾਰ 3 ਜੂਨ ਅਤੇ 6 ਜੂਨ ਨੂੰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।