ਚੰਡੀਗੜ੍ਹ, 11 ਜੁਲਾਈ (ਅਜੀਤ ਬਿਊਰੋ) - ਮਾਨਸੂਨ ਦੀਆਂ ਪਹਿਲੀਆਂ ਬੂੰਦਾਂ ਗਰਮੀ ਤੋਂ ਰਾਹਤ ਦਿੰਦੀਆਂ ਹਨ, ਪਰ ਇਸ ਨਾਲ ਲੋਕਾਂ ਦੀ ਸਿਹਤ ਲਈ ਚੁਣੌਤੀ ਭਰੇ ਮੌਸਮ ਦੀ ਸ਼ੁਰੂਆਤ ਵੀ ਹੁੰਦੀ ਹੈ। ਹਰ ਸਾਲ ਪੂਰੇ ਭਾਰਤ ਦੇ ਹਸਪਤਾਲਾਂ ਵਿਚ ਡੇਂਗੂ, ਮਲੇਰੀਆ ਤੇ ਬੁਖ਼ਾਰ ਨਾਲ ਸਬੰਧਤ ਹੋਰ ਬਿਮਾਰੀਆਂ ਵਧਦੀਆਂ ਹਨ। ਇਸ ਸਾਲ ਵੀ ਇਹੀ ਹਾਲਾਤ ਹਨ । 2025 ਵਿਚ ਕੀਤੇ ਗਏ ਇਕ ਭਾਰਤੀ ਹਸਪਤਾਲ ਅਧਿਐਨ ਵਿਚ ਪਾਇਆ ਗਿਆ ਕਿ ਮਾਨਸੂਨ ਦੌਰਾਨ ਦਾਖ਼ਲ ਕੀਤੇ ਗਏ ਮਰੀਜ਼ਾਂ ਵਿਚ ਐਕਿਊਟ ਫੈਬਰਾਈਲ ਇਲਨੈੱਸ ਦਾ ਸਭ ਤੋਂ ਆਮ ਕਾਰਨ ਡੇਂਗੂ ਸੀ। ਇਹ ਨਤੀਜੇ ਦਰਸਾਉਂਦੇ ਹਨ ਕਿ ਸਮੇਂ ਸਿਰ ਜਾਂਚ ਅਤੇ ਤੁਰੰਤ ਇਲਾਜ ਬਹੁਤ ਜ਼ਰੂਰੀ ਹਨ, ਕਿਉਂਕਿ ਮਾਨਸੂਨ ਨਾਲ ਜੁੜੀਆਂ ਕਈ ਬਿਮਾਰੀਆਂ ਦੀ ਸ਼ੁਰੂਆਤ ਇੱਕੋ ਜਿਹੇ ਲੱਛਣਾਂ ਨਾਲ ਹੁੰਦੀ ਹੈ । ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੱਛਰਾਂ ਤੇ ਪਾਣੀ ਰਾਹੀਂ ਫ਼ੈਲਣ ਵਾਲੀਆਂ ਮੌਸਮੀ ਬਿਮਾਰੀਆਂ ’ਚ ਹੋਣ ਵਾਲੇ ਵਾਧੇ ਨਾਲ ਨਜਿੱਠਣ ਲਈ ਨਿਗਰਾਨੀ, ਹਸਪਤਾਲ ਤਿਆਰੀ ਤੇ ਟੈਸਟਿੰਗ ਸਹੂਲਤਾਂ ਮਜ਼ਬੂਤ ਕੀਤੀਆਂ ਹਨ। ਉਨ੍ਹਾਂ ਲੋਕਾਂ ਨੂੰ ਸਾਧਾਰਨ ਰੋਕਥਾਮ ਵਾਲੇ ਉਪਾਅ ਅਪਣਾਉਣ ਦੀ ਅਪੀਲ ਕੀਤੀ, ਜਿਵੇਂ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਸਾਫ਼ ਕਰਨਾ ਤੇ ਬੁਖ਼ਾਰ ਦੇ ਪਹਿਲੇ ਲੱਛਣ ਵੇਖਦਿਆਂ ਹੀ ਡਾਕਟਰੀ ਸਲਾਹ ਲੈਣਾ । ਡਾ. ਬਲਬੀਰ ਸਿੰਘ ਨੇ ਕਿਹਾ,“ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਜਿੱਥੇ ਮੱਛਰ ਪੈਦਾ ਹੋਣ ਤੋਂ ਰੋਕਣ ਵਿਚ ਹਰ ਪਰਿਵਾਰ, ਸਕੂਲ ਤੇ ਭਾਈਚਾਰੇ ਦੀ ਆਪਣੀ ਭੂਮਿਕਾ ਹੈ। ਉੱਥੇ ਅਸੀਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀ ਬਿਨਾਂ ਖ਼ਰਚੇ ਦੀ ਫ਼ਿਕਰ ਤੋਂ ਸਮੇਂ ਸਿਰ ਇਲਾਜ ਕਰਵਾ ਸਕਦੇ ਹਨ । ਡਾ. ਰਾਜ ਕੁਮਾਰ (ਐੱਮ.ਡੀ. ਮੈਡੀਸਨ), ਸੀਨੀਅਰ ਮੈਡੀਕਲ ਅਫ਼ਸਰ, ਕਮਿਊਨਿਟੀ ਹੈਲਥ ਸੈਂਟਰ, ਵੇਰਕਾ, ਪੰਜਾਬ ਨੇ ਕਿਹਾ ਕਿ ਮਰੀਜ਼ ਅਕਸਰ ਹਰ ਬੁਖ਼ਾਰ ਨੂੰ ਆਮ ਵਾਇਰਲ ਇਨਫੈਕਸ਼ਨ ਸਮਝ ਲੈਣ ਦੀ ਗ਼ਲਤੀ ਕਰਦੇ ਹਨ। ਉਨ੍ਹਾਂ ਕਿਹਾ,“ਹਰ ਮਾਨਸੂਨ ਅਸੀਂ ਅਜਿਹੇ ਮਰੀਜ਼ ਦੇਖਦੇ ਹਾਂ ਜੋ ਤਿੰਨ-ਚਾਰ ਦਿਨ ਘਰ ਬੈਠੇ ਆਪਣਾ ਇਲਾਜ ਆਪ ਕਰਨ ਤੋਂ ਬਾਅਦ ਆਉਂਦੇ ਹਨ । ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਵਿਚ ਡੇਂਗੂ ਇਕੋ-ਇਕ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ,“ਮਾਨਸੂਨ ਵਿਚ ਮਲੇਰੀਆ, ਟਾਈਫ਼ਾਈਡ, ਵਾਇਰਲ ਹੈਪੇਟਾਈਟਿਸ ਤੇ ਐਕਿਊਟ ਗੈਸਟ੍ਰੋਐਂਟਰਾਈਟਿਸ ਵੀ ਆਮ ਹਨ। ਲੱਛਣ ਇਕੋ ਜਿਹੇ ਹੋਣ ਕਰਕੇ ਲੋਕਾਂ ਨੂੰ ਖ਼ੁਦ ਦਵਾਈ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਬੁਖ਼ਾਰ ਲਗਾਤਾਰ ਰਹਿਣ ’ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਮੇਂ ਸਿਰ ਜਾਂਚ ‘ਚ ਹੀ ਮਰੀਜ਼ ਦਾ ਬਚਾ ਹੈ ।