ਸੈਕਟਰ 42 ਮਾਰਕੀਟ ਦੇ ਬੁਨਿਆਦੀ ਢਾਂਚੇ ਨੂੰ ਮਿਲੇਗੀ ਮਜ਼ਬੂਤੀ
ਅਜੀਤ ਡੈਸਕ
25-07-2026
ਚੰਡੀਗੜ੍ਹ, 24 ਜੁਲਾਈ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 24 ਅਧੀਨ ਆਉਂਦੀ ਸੈਕਟਰ-42 ਸੀ ਮਾਰਕੀਟ ’ਚ ਨਵੀਂ ਸੀਵਰੇਜ਼ ਪਾਈਪਲਾਈਨ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਉਪਰੰਤ ਮਾਰਕੀਟ ਦੇ ਦੁਕਾਨਦਾਰਾਂ ਨੂੰ ਸੀਵਰੇਜ਼ ਕੁਨੈਕਸ਼ਨ ਲੈਣ ਵਿਚ ਆ ਰਹੀ ਲੰਬੇ ਸਮੇਂ ਦੀ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਹੈ। ਖ਼ਾਸ ਕਰਕੇ ਰੈਸਟੋਰੈਂਟਾਂ ਅਤੇ ਖਾਣ-ਪੀਣ ਦੇ ਕਾਰੋਬਾਰ ਨਾਲ ਜੁੜੇ ਅਦਾਰਿਆਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ, ਜਿਸ ਨਾਲ ਮਾਰਕੀਟ ਦੀਆਂ ਬੁਨਿਆਦੀ ਸਹੂਲਤਾਂ ਤੇ ਸਫ਼ਾਈ ਪ੍ਰਬੰਧ ਹੋਰ ਮਜ਼ਬੂਤ ਹੋਣਗੇ।ਨਵੀਂ ਸੀਵਰੇਜ ਪਾਈਪਲਾਈਨ ਦੇ ਕੰਮ ਦਾ ਆਗਾਜ਼ ਇਲਾਕਾ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਦੇ ਯਤਨਾਂ ਸਦਕਾ ਕੀਤਾ ਗਿਆ। ਇਸ ਮੌਕੇ ਸਨਾਤਨ ਧਰਮ ਮੰਦਿਰ ਦੇ ਸ਼ਿਵ ਕੁਮਾਰ ਨਾਗਪਾਲ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਅਰੋੜਾ, ਆਰ.ਸੀ.ਡਬਲਿਊ.ਏ. ਦੇ ਰਾਜਕੁਮਾਰ ਸ਼ਰਮਾ, ਸੱਜਣ ਬਾਂਸਲ, ਅਮਿਤ ਮਿੱਤਲ ਅਤੇ ਨੀਲਮ ਵਢੇਰਾ ਵਲੋਂ ਕੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੌਂਸਲਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਸੈਕਟਰ-42 ਸੀ ਮਾਰਕੀਟ ਵਿਚ ਪੀਣ ਵਾਲੇ ਪਾਣੀ ਦੀ ਸਹੂਲਤ ਤਾਂ ਪਹਿਲਾਂ ਤੋਂ ਮੌਜੂਦ ਸੀ, ਪਰ ਸੀਵਰੇਜ ਪਾਈਪਲਾਈਨ ਨਾ ਹੋਣ ਕਾਰਨ ਦੁਕਾਨਦਾਰਾਂ ਨੂੰ ਸੀਵਰੇਜ ਕਨੈਕਸ਼ਨ ਲੈਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਵਾਰਡ ਦੇ ਵਿਕਾਸ ਨਾਲ ਸਬੰਧਤ ਲੋਕ-ਭਲਾਈ ਦੇ ਕੰਮ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਨਿਗਮ ਦੇ ਐੱਸ. ਡੀ. ਓ. ਯਸ਼ਪਾਲ ਗੁਪਤਾ ਨੇ ਦੱਸਿਆ ਕਿ ਸੀਵਰੇਜ ਪਾਈਪਲਾਈਨ ਵਿਛਾਉਣ ਦਾ ਕੰਮ ਅਗਲੇ 15 ਦਿਨਾਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਬਰਸਾਤੀ ਮੌਸਮ ਦੌਰਾਨ ਮਿੱਟੀ ਕੁਦਰਤੀ ਤੌਰ ’ਤੇ ਬੈਠ ਜਾਣ ਕਾਰਨ ਬਾਅਦ ਵਿਚ ਇੰਟਰਲਾਕਿੰਗ ਪੇਵਰ ਬਲਾਕ ਲਗਾਉਣ ਦਾ ਕੰਮ ਵੀ ਸੁਚੱਜੇ ਅਤੇ ਗੁਣਵੱਤਾ ਭਰਪੂਰ ਢੰਗ ਨਾਲ ਕੀਤਾ ਜਾ ਸਕੇਗਾ। ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਅਰੋੜਾ ਨੇ ਇਸ ਵਿਕਾਸ ਕਾਰਜ ਲਈ ਕੌਂਸਲਰ ਜਸਬੀਰ ਸਿੰਘ ਬੰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਸੀਵਰੇਜ ਪਾਈਪਲਾਈਨ ਨਾਲ ਮਾਰਕੀਟ ਦੇ ਦੁਕਾਨਦਾਰਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਹੋ ਰਹੀ ਹੈ। ਇਸ ਮੌਕੇ ਪਵਨ ਕੁਮਾਰ ਸਿੰਗਲਾ, ਐੱਸ. ਡੀ .ਓ. ਯਸ਼ਪਾਲ ਗੁਪਤਾ, ਗੌਰਵ ਸ਼ਰਮਾ, ਮੁਕੇਸ਼ ਸੋਨੀ, ਤਿਲਕ ਰਾਜ ਹਾਜ਼ਰ ਸਨ।