ਚੰਡੀਗੜ੍ਹ, 25 ਜੁਲਾਈ (ਕਪਿਲ ਵਧਵਾ)-ਵਰਕ ਵੀਜ਼ਾ ਲਗਵਾਉਣ ਦੇ ਨਾਂਅ ’ਤੇ ਕਰੀਬ 39.95 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਸੈਕਟਰ-34 ਥਾਣਾ ਪੁਲਿਸ ਨੇ ਸੀ2ਏ ਗਰੁੱਪ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਪਾਰੁਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਮੁਲਜ਼ਮ ਨੂੰ ਨਿਆਇਕ ਮੈਜਿਸਟਰੇਟ ਅੱਗੇ ਪੇਸ਼ ਕਰਨ ਤੋਂ ਬਾਅਦ ਮੈਜਿਸਟਰੇਟ ਵਲੋਂ ਉਸ ਨੂੰ ਹੋਰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਿਸ ਅਨੁਸਾਰ ਤਾਮਿਲਨਾਡੂ ਦੇ ਅਰੀਆਲੂਰ ਜ਼ਿਲ੍ਹੇ ਦੇ ਵਸਨੀਕ ਸੱਤਮਪਿੱਲਈ ਜੀ. ਪੁੱਤਰ ਗੋਵਿੰਦਾਸਾਮੀ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-34 ਵਿਚ ਇਹ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸੀ2ਏ ਗਰੁੱਪ ਨੇ ਵਿਦੇਸ਼ ਵਿਚ ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਉਸ ਤੋਂ 39,95,000 ਰੁਪਏ ਕਈ ਕਿਸ਼ਤਾਂ ਵਿਚ ਹਾਸਿਲ ਕਰ ਲਏ, ਪਰ ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ) ਦੀਆਂ ਧਾਰਾਵਾਂ 318(4), 336(3), 338, 340(2) ਅਤੇ 61(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਕੰਪਨੀ ਦੇ ਮਾਲਕ ਪਾਰੁਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮਾਮਲੇ ਸੰਬੰਧੀ ਥਾਣਾ ਸੈਕਟਰ 34 ਦੇ ਐਸ. ਐਚ. ਓ. ਇੰਸਪੈਕਟਰ ਸ਼ਾਦੀ ਲਾਲ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਮੁਲਜ਼ਮ ਨੇ ਹੋਰ ਕਿੰਨੇ ਲੋਕਾਂ ਨਾਲ ਇਸੇ ਤਰ੍ਹਾਂ ਦੀ ਠੱਗੀ ਕੀਤੀ ਹੈ, ਹਾਸਿਲ ਕੀਤੀ ਰਕਮ ਕਿੱਥੇ ਵਰਤੀ ਗਈ ਅਤੇ ਇਸ ਧੋਖਾਧੜੀ ਵਿਚ ਹੋਰ ਕੌਣ-ਕੌਣ ਸ਼ਾਮਿਲ ਹੈ। ਮਾਮਲੇ ਦੀ ਜਾਂਚ ਜਾਰੀ ਹੈ।