ਚੰਡੀਗੜ੍ਹ, 31 ਜੁਲਾਈ (ਕਪਿਲ ਵਧਵਾ)- ਚੰਡੀਗੜ੍ਹ ਵਿਚ ਗੈਸ ਬਿੱਲ ਦੀ ਅਦਾਇਗੀ ਦੇ ਬਹਾਨੇ ਫਰਜ਼ੀ ਅਡਾਨੀ ਗੈਸ ਏ. ਪੀ. ਕੇ. ਫਾਈਲ ਡਾਊਨਲੋਡ ਕਰਵਾ ਕੇ ਦੋ ਵਿਅਕਤੀਆਂ ਨਾਲ ਕੁੱਲ 4.30 ਲੱਖ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਥਾਣਾ, ਚੰਡੀਗੜ੍ਹ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਦੋ ਵੱਖ-ਵੱਖ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਸੈਕਟਰ-47ਡੀ ਨਿਵਾਸੀ ਵਿਸ਼ਵ ਨਾਥ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਗੈਸ ਬਿੱਲ ਭਰਨ ਲਈ ਫਰਜ਼ੀ ਅਡਾਨੀ ਗੈਸ ਏ.ਪੀ.ਕੇ ਫਾਈਲ ਡਾਊਨਲੋਡ ਕਰਵਾਈ ਗਈ, ਜਿਸ ਤੋਂ ਬਾਅਦ ਸਾਈਬਰ ਠੱਗਾਂ ਨੇ ਉਸ ਦੇ ਖਾਤੇ ਵਿਚੋਂ 1,48,706 ਰੁਪਏ ਦੀ ਠੱਗੀ ਕਰ ਲਈ। ਦੂਜੇ ਮਾਮਲੇ ਵਿਚ ਸੈਕਟਰ-40ਬੀ ਦੇ ਰਹਿਣ ਵਾਲੇ ਹਰਸ਼ ਕੁਮਾਰ ਲਖਨਪਾਲ ਨੇ ਸ਼ਿਕਾਇਤ ਦਿੱਤੀ ਕਿ ਉਸ ਨਾਲ ਵੀ ਫਰਜ਼ੀ ਅਡਾਨੀ ਗੈਸ ਏ.ਪੀ.ਕੇ ਫਾਈਲ ਰਾਹੀਂ 2,81,683 ਰੁਪਏ ਦੀ ਸਾਈਬਰ ਠੱਗੀ ਕੀਤੀ ਗਈ। ਚੰਡੀਗੜ੍ਹ ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਡਿਜੀਟਲ ਸਬੂਤ ਇਕੱਠੇ ਕਰਨ ਅਤੇ ਮੁਲਜ਼ਮਾਂ ਦੀ ਪਛਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਡਾਨੀ ਗੈਸ ਕੰਪਨੀ ਦੇ ਨਾਮ ‘ਤੇ ਜਾਅਲੀ ਏ.ਪੀ.ਕੇ ਫਾਈਲਾਂ ਰਾਹੀਂ 7.94 ਲੱਖ ਦੀ ਸਾਈਬਰ ਠੱਗੀ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ, ਗੈਸ ਜਾਂ ਹੋਰ ਸੇਵਾਵਾਂ ਦੇ ਬਿੱਲ ਭਰਨ ਲਈ ਕਿਸੇ ਵੀ ਅਣਜਾਣ ਲਿੰਕ ਜਾਂ ਏ.ਪੀ.ਕੇ ਫਾਈਲ ਨੂੰ ਡਾਊਨਲੋਡ ਨਾ ਕਰਨ ਤੇ ਕੇਵਲ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ਦੀ ਹੀ ਵਰਤੋਂ ਕਰਨ।