ਚੰਡੀਗੜ੍ਹ, 31 ਜੁਲਾਈ (ਸੰਦੀਪ ਕੁਮਾਰ ਮਾਹਨਾ)– ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰਵਿਆਪੀ ਪਵਿੱਤਰ ਮਿੱਟੀ ਯਾਤਰਾ ਭਲ੍ਹਕੇ (1 ਅਗਸਤ) ਪੰਜਾਬ ਵਿਚ ਦਾਖ਼ਲ ਹੋਵੇਗੀ। ਪੰਜਾਬ ਭਾਜਪਾ ਵਲੋਂ ਇਸ ਮੌਕੇ ਵਿਸ਼ੇਸ਼ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਪਵਿੱਤਰ ਮਿੱਟੀ ਨਾਲ ਸਜੇ ਕਲਸ਼ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਰਵਾਨਾ ਕੀਤੇ ਜਾਣਗੇ ਅਤੇ 6 ਮਹੀਨੇ ਲੰਬੇ ਸਮਾਜਿਕ ਤੇ ਜਨ-ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਹੋਵੇਗੀ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ ਜਗਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਵਾਰਾਣਸੀ ਤੋਂ 29 ਜੁਲਾਈ ਨੂੰ ਸ਼ੁਰੂ ਹੋਈ ਪਵਿੱਤਰ ਮਿੱਟੀ ਯਾਤਰਾ ਸ਼ਨੀਵਾਰ ਨੂੰ ਪੰਜਾਬ ਦੀ ਸਰਹੱਦ ’ਤੇ ਪੈਰਾਡਾਈਜ਼ ਰਿਜ਼ੋਰਟ, ਪਿੰਡ ਝਰਮੜੀ (ਲਾਲੜੂ ਨੇੜੇ) ਵਿਖੇ ਭਾਜਪਾ ਆਗੂਆਂ ਤੇ ਸੰਤ-ਮਹਾਂਪੁਰਸ਼ਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਯਾਤਰਾ ਡੇਰਾਬੱਸੀ ਤੇ ਜ਼ੀਰਕਪੁਰ ਰਾਹੀਂ ਚੰਡੀਗੜ੍ਹ ਦੇ ਸੈਕਟਰ-7 ਸਥਿਤ ਆਰਿਆ ਸਮਾਜ ਮੰਦਿਰ ਪਹੁੰਚੇਗੀ, ਜਿੱਥੇ ਸੂਬਾ ਪੱਧਰੀ ਸਮਾਗਮ ਹੋਵੇਗਾ। ਇਸ ਮੌਕੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੂਬਾ ਮੀਡੀਆ ਮੁਖੀ ਵਿਨੀਤ ਜੌਸ਼ੀ ’ਤੇ ਪਾਰਟੀ ਦੇ ਆਗੂ ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ। ਡਾ. ਰਾਜੂ ਨੇ ਦੱਸਿਆ ਕਿ ਸਮਾਗਮ ਉਪਰੰਤ ਪਵਿੱਤਰ ਮਿੱਟੀ ਨਾਲ ਸਜੇ ਕਲਸ਼ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਲਈ ਰਵਾਨਾ ਕੀਤੇ ਜਾਣਗੇ। 2 ਤੋਂ 6 ਅਗਸਤ ਤੱਕ ਇਹ ਕਲਸ਼ ਯਾਤਰਾਵਾਂ ਜ਼ਿਲ੍ਹਾ ਮੁੱਖ ਦਫ਼ਤਰਾਂ ਤੋਂ ਪਿੰਡਾਂ ਤੇ ਸ਼ਹਿਰਾਂ ਤੱਕ ਪਹੁੰਚਣਗੀਆਂ ਤੇ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਮਾਜਿਕ ਨਿਆਂ, ਭਾਈਚਾਰੇ ਤੇ ਬੇਗਮਪੁਰਾ ਦੇ ਆਦਰਸ਼ਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸੂਬੇ ਭਰ ਦੇ ਸਕੂਲਾਂ, ਕਾਲਜਾਂ ਵਿਚ ਦੋ ਮਹੀਨੇ ਦਾ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ। ਇਹ ਰਾਸ਼ਟਰਵਿਆਪੀ ਮੁਹਿੰਮ 20 ਫਰਵਰੀ ਨੂੰ ਵਾਰਾਣਸੀ ਵਿਖੇ ਸਮਾਪਤੀ ਯਾਤਰਾ ਨਾਲ ਸਮਾਪਤ ਹੋਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਦੇ ਹਰ ਵਰਗ ਦੇ ਲੋਕ ਇਸ ਪਵਿੱਤਰ ਅਭਿਆਨ ਵਿਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ ਅਤੇ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਸ਼ਾਂਤੀ, ਸਮਾਨਤਾ, ਏਕਤਾ ਅਤੇ ਸਮਾਜਿਕ ਸਦਭਾਵਨਾ ਦੇ ਸੁਨੇਹੇ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾਉਣਗੇ।