ਐੱਸ. ਏ. ਐੱਸ. ਨਗਰ, 25 ਨਵੰਬਰ (ਕਪਿਲ ਵਧਵਾ)- ਸੈਕਟਰ-68 ਵਿਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲਾਕਰ ਤੋੜ ਕੇ ਕਰੀਬ 19 ਤੋਲੇ ਸੋਨੇ ਦੇ ਗਹਿਣੇ, 350 ਗ੍ਰਾਮ ਚਾਂਦੀ, 40 ਹਜ਼ਾਰ ਰੁ. ਦੀ ਨਕਦੀ ਅਤੇ 100 ਅਮਰੀਕੀ ਡਾਲਰ ਚੋਰੀ ਕਰ ਲਏ। ਵਾਰਦਾਤ ਸਮੇਂ ਪਰਿਵਾਰ ਆਪਣੇ ਜੱਦੀ ਪਿੰਡ ਗਿਆ ਹੋਇਆ ਸੀ। ਘਰ ਵਾਪਸ ਪਰਤਣ ’ਤੇ ਟੁੱਟੇ ਤਾਲੇ ਅਤੇ ਖਿਲਰਿਆ ਸਾਮਾਨ ਦੇਖ ਕੇ ਚੋਰੀ ਦਾ ਪਤਾ ਲੱਗਾ। ਪਰਿਵਾਰ ਵਲੋਂ ਇਸ ਸੰਬੰਧੀ ਫੇਜ਼-8 ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਉਕਤ ਮਕਾਨ ਵਿਚ ਕਿਰਾਏ ’ਤੇ ਰਹਿੰਦੇ ਵਿਦੇਸ਼ਵਰ ਸਿੰਘ ਪਟਿਆਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਕਰੀਬ 20 ਸਾਲਾਂ ਤੋਂ ਆਪਣੀ ਪਤਨੀ, ਦੋ ਪੁੱਤਰਾਂ, ਨੂੰਹ ਅਤੇ ਪੋਤੀ ਨਾਲ ਇੱਥੇ ਰਹਿ ਰਹੇ ਹਨ। ਸ਼ੁੱਕਰਵਾਰ ਨੂੰ ਪੂਰਾ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਰਾਗਪੁਰ ਪਿੰਡ ਗਿਆ ਸੀ। 15 ਨਵੰਬਰ ਨੂੰ ਉਹ ਆਪਣੇ ਛੋਟੇ ਪੁੱਤਰ ਨਾਲ ਵਾਪਸ ਪਰਤੇ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀ ਦਾ ਲਾਕਰ ਵੀ ਟੁੱਟਿਆ ਹੋਇਆ ਸੀ। ਉਨ੍ਹਾਂ ਤੁਰੰਤ 112 ਨੰਬਰ ’ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਸਮੇਂ ਪਤਨੀ, ਵੱਡਾ ਪੁੱਤਰ ਅਤੇ ਨੂੰਹ ਪਿੰਡ ਵਿਚ ਹੀ ਸਨ, ਜਿਸ ਕਾਰਨ ਘਰ ਵਿਚ ਪਏ ਸਾਮਾਨ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਪਰਿਵਾਰ ਦੇ ਬਾਕੀ ਮੈਂਬਰਾਂ ਦੇ ਵਾਪਸ ਆਉਣ ਅਤੇ ਸਾਮਾਨ ਦੀ ਜਾਂਚ ਕਰਨ ਤੋਂ ਬਾਅਦ ਚੋਰੀ ਹੋਏ ਗਹਿਣਿਆਂ ਤੇ ਨਕਦੀ ਦੀ ਸੂਚੀ ਤਿਆਰ ਕਰਕੇ ਫੇਜ਼-8 ਥਾਣੇ ਵਿਚ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਧਾਰਾਵਾਂ 305 ਅਤੇ 331 (4) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਸੋਨੇ ਦੇ ਸੈੱਟ, ਚੂੜੀਆਂ ਤੇ ਡਾਇਮੰਡ ਰਿੰਗ ਵੀ ਲੈ ਗਏ ਚੋਰ ਚੋਰੀ ਹੋਏ ਸਾਮਾਨ ਵਿਚ ਸਾਢੇ ਤਿੰਨ ਤੋਲੇ ਦਾ ਗਲੇ ਦਾ ਸੈੱਟ, ਤਿੰਨ ਤੋਲੇ ਦੀਆਂ ਸੋਨੇ ਦੀਆਂ ਚੂੜੀਆਂ, ਦੋ ਨੱਥਲੀਆਂ ਅਤੇ ਦੋ ਸੋਨੇ ਦੀਆਂ ਚੇਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਡੇਢ-ਡੇਢ ਤੋਲੇ ਦੇ ਦੋ ਮੱਥੇ ਦੇ ਟਿੱਕੇ, ਚਾਰ ਲੇਡੀਜ਼ ਰਿੰਗਾਂ, ਇਕ ਡਾਇਮੰਡ ਰਿੰਗ, ਦੋ ਤੋਲੇ ਦਾ ਸੋਨੇ ਦਾ ਕੜਾ ਅਤੇ ਡੇਢ ਤੋਲੇ ਦੇ ਦੋ ਜੋੜੇ ਝੁਮਕੇ ਵੀ ਚੋਰੀ ਹੋਏ ਹਨ। ਪਰਿਵਾਰ ਵਲੋਂ ਗਹਿਣਿਆਂ ਦੀ ਵੱਖ-ਵੱਖ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਚੋਰੀ ਦੀ ਵਾਰਦਾਤ ਬੀਤੇ ਐਤਵਾਰ ਦੀ ਰਾਤ 12 ਵਜੇ ਦੇ ਕਰੀਬ ਹੋਈ ਸੀ। ਪੁਲਿਸ ਵਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।