ਰਾਮਪੁਰਾ ਫੂਲ, 23 ਜਨਵਰੀ (ਹੇਮੰਤ ਕੁਮਾਰ ਸ਼ਰਮਾ): ਅਯੁੱਧਿਆ ਦੇ ਸ਼ਾਨਦਾਰ ਰਾਮ ਮੰਦਰ ਵਿਚ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਸਥਾਨਕ ਬ੍ਰਾਹਮਣ ਸਭਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ | ਇਸ ਮੌਕੇ ਰਾਮ ਸੇਵਕ ਸੰਘ ਅਤੇ ਵਪਾਰ ਸੰਘ ਵਲੋਂ ਇੱਕ ਵਿਸ਼ਾਲ ਧਾਰਮਿਕ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਪੂਰਾ ਵਾਤਾਵਰਣ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਦੁਪਹਿਰ ਵੇਲੇ ਪ੍ਰਭੂ ਸ੍ਰੀ ਰਾਮ ਦੇ ਭੋਗ ਉਪਰੰਤ ਅਤੁੱਟ ਭੰਡਾਰਾ ਵਰਤਾਇਆ ਗਿਆ, ਜਿੱਥੇ ਹਰ ਵਰਗ ਦੇ ਲੋਕਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਪ੍ਰਸਾਦ ਛਕਿਆ | ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਅਤੇ ਸਭਾ ਦੀ ਸਲਾਹਕਾਰ ਉਨ੍ਹਾਂ ਦੀ ਪਤਨੀ ਮਹਿੰਦਰਜੀਤ ਕੌਰ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ਰਮਾ ਜੋੜੀ ਨੇ ਦੱਸਿਆ ਕਿ 22 ਜਨਵਰੀ 2024 ਨੂੰ ਅਯੁੱਧਿਆ ਵਿਚ ਸ਼੍ਰੀ ਰਾਮ ਜੀ ਦੇ ਬਾਲ ਸਰੂਪ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ | ਅੱਜ ਦੇ ਆਯੋਜਨ ਦਾ ਮੁੱਖ ਮਕਸਦ ਉਸੇ ਇਤਿਹਾਸਕ ਦਿਨ ਦੀ ਯਾਦ ਨੂੰ ਤਾਜ਼ਾ ਕਰਨਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਭਗਵਾਨ ਰਾਮ ਦਾ ਜੀਵਨ ਸਾਨੂੰ ਸਬਰ, ਸੱਚਾਈ ਅਤੇ ਮਰਿਆਦਾ ਵਿਚ ਰਹਿਣ ਦਾ ਸੰਦੇਸ਼ ਦਿੰਦਾ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਭੰਡਾਰੇ ਦਾ ਆਯੋਜਨ ਆਪਸੀ ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਵਧਾਉਣ ਲਈ ਕੀਤਾ ਗਿਆ ਹੈ | ਇਸ ਮੌਕੇ ਬ੍ਰਾਹਮਣ ਸਭਾ ਮਹਿਲਾ ਕੀਰਤਨ ਮੰਡਲੀ ਦੀ ਪ੍ਰਧਾਨ ਬਿਮਲਾ ਦੇਵੀ, ਉਪ ਪ੍ਰਧਾਨ ਦਰਸ਼ਨਾ ਸ਼ਰਮਾ, ਰੇਨੂੰ ਗਾਂਧੀ, ਦਰਸ਼ਨਾ ਗੋਇਲ, ਰੇਖਾ ਰਾਣੀ, ਜੈ ਸ੍ਰੀ ਸ਼ਿਵ ਲਹਿਰੀ ਕਾਂਵੜ ਸੰਘ ਦੇ ਵਿਨੋਦ ਬਾਂਸਲ, ਦਿਨੇਸ਼ ਬਾਂਸਲ, ਸੰਜੀਵ ਬਾਂਸਲ, ਸਮੂਹ ਕਾਂਵੜ ਸੰਘ ਪ੍ਰਧਾਨ ਨੀਰਜ ਚੌਧਰੀ ਨੇ ਵੀ ਸ਼ਮੂਲੀਅਤ ਕੀਤੀ |