ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਫਲਾਈ ਓਵਰ ਦੇ ਨਜ਼ਦੀਕ ਇਕ ਤੇਜ਼ ਰਫ਼ਤਾਰ ਟਰੱਕ ਤੇ ਕਾਰ ਵਿਚਾਲੇ ਹੋਈ ਜ਼ੋਰਦਾਰ ਟੱਕਰ ਨੇ ਇਲਾਕੇ 'ਚ ਹੜਕੰਪ ਮਚਾ ਦਿੱਤਾ | ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਟਰੱਕ ਕਾਰ ਨੂੰ ਕਰੀਬ 10 ਫੁੱਟ ਤੱਕ ਘੜੀਸਦਾ ਲੈ ਗਿਆ | ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਕਾਰ ਸਵਾਰ ਪਰਿਵਾਰ ਦੇ ਮੈਂਬਰਾਂ ਦੀ ਜਾਨ ਬਚ ਗਈ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਪੀੜਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਹੈ ਅਤੇ ਲੜਕੇ ਵਾਲਿਆਂ ਵਲੋਂ ਅਬੋਹਰ ਵਿਖੇ ਇਕ ਪਾਰਟੀ ਰੱਖੀ ਗਈ ਸੀ | ਪਾਰਟੀ ਤੋਂ ਵਾਪਸ ਆਉਂਦੇ ਸਮੇਂ ਜਦੋਂ ਉਹ ਫ਼ਾਜ਼ਿਲਕਾ ਫਲਾਈ ਓਵਰ ਕੋਲ ਪਹੁੰਚੇ ਤਾਂ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ | ਟੱਕਰ ਕਾਰਨ ਕਾਰ ਟਰੱਕ ਦੇ ਅੱਗੇ ਟੇਢੀ ਹੋ ਗਈ ਅਤੇ ਕਾਫ਼ੀ ਦੂਰ ਤੱਕ ਰਗੜਦੀ ਗਈ | ਪੀੜਤ ਪਰਿਵਾਰ ਨੇ ਹੁਣ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ | ਦੂਜੇ ਪਾਸੇ, ਟਰੱਕ ਡਰਾਈਵਰ ਗੁਰਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕਾਰ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ, ਜਿਸ ਕਾਰਨ ਇਹ ਟੱਕਰ ਹੋਈ | ਉਸ ਨੇ ਮੌਕੇ 'ਤੇ ਟਰੱਕ ਮਾਲਕਾਂ ਨੂੰ ਬੁਲਾ ਲਿਆ ਅਤੇ ਪੁਲਿਸ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ | ਹਾਦਸੇ ਤੋਂ ਬਾਅਦ ਮੌਕੇ 'ਤੇ ਲੰਮਾ ਜਾਮ ਲੱਗ ਗਿਆ ਤੇ ਹੰਗਾਮਾ ਵਧਦਾ ਦੇਖ ਪੁਲਿਸ ਅਧਿਕਾਰੀ ਓਮ ਪ੍ਰਕਾਸ਼ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਮਾਮਲੇ ਦੀ ਜਾਂਚ ਲਈ ਥਾਣੇ ਬੁਲਾਇਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਨ ਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ |