ਬਠਿੰਡਾ, 29 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਨੀਟ’ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦਿਆਂ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਮੰਗਿਆ ਹੈ ਅਤੇ ‘ਨੀਟ’ ਪ੍ਰੀਖਿਆ ਪ੍ਰਭਾਵਿਤ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਲਈ 9 ਅਗਸਤ ਨੂੰ ਦਿੱਲੀ ਵਿਚ ਵਿਸ਼ਾਲ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਥੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਅਤੇ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਹੇਠ ‘ਨੀਟ’ ਪ੍ਰੀਖਿਆ ਤੋਂ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਬੈਠਕ ਕਰਨ ਉਪਰੰਤ ਸਾਬਕਾ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ‘ਨੀਟ’ ਪੇਪਰ ਲੀਕ ਮਾਮਲੇ ਨਾਲ ਮੋਦੀ ਸਰਕਾਰ ਦਾ ਦੇਸ਼ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਕਿਉਂਕਿ 22 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਿੱਖਿਆ ਪ੍ਰਣਾਲੀ ਦਾ ਸਿਸਟਮ ਮੋਦੀ ਸਰਕਾਰ ਦੇ ਹੱਥੋਂ ਨਿਕਲ ਚੁੱਕਿਆ, ਜਿਸ ਕਰਕੇ ਪੇਪਰ ਲੀਕ ਹੋਣ ਕਰਕੇ ਪੜ੍ਹੇ ਲਿਖੇ ਵਿਦਿਆਰਥੀਆਂ ਨਾਲ ਧੋਖਾ ਹੋ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ‘ਤੇ ਮੋਦੀ ਸਰਕਾਰ ਦਾ ਕੋਈ ਠੋਸ ਕਦਮ ਸਾਹਮਣੇ ਨਹੀਂ ਆਇਆ। ਜਦੋਂਕਿ ਚਾਹੀਦਾ ਸੀ ਕਿ ਤੁਰੰਤ ਸਿੱਖਿਆ ਮੰਤਰੀ ਤੋਂ ਅਸਤੀਫ਼ਾ ਲਿਆ ਜਾਂਦਾ ਅਤੇ ਜ਼ਿੰਮੇਵਾਰ ਅਧਿਕਾਰੀਆਂ ‘ਤੇ ਪਰਚਾ ਦਰਜ ਕੀਤਾ ਜਾਂਦਾ। ਕਿਉਂਕਿ ਇਸ ਮਾਮਲੇ ਤੋਂ ਪੀੜਤ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ ਹੈ, ਜੋ ਕਿ ਕੇਂਦਰ ਸਰਕਾਰ ਦੇ ਮੂੰਹ ‘ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਇਸ ਮਸਲੇ ਨੂੰ ਬਾਖ਼ੂਬੀ ਉਠਾ ਰਹੀ ਹੈ। ਇਸ ਕਰਕੇ ਸਰਕਾਰ ਖਿਲਾਫ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਿਥੇ 1 ਅਗਸਤ ਨੂੰ ਪੰਜਾਬ ਵਿਚ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ, ਉਥੇ 9 ਅਗਸਤ ਨੂੰ ਦਿੱਲੀ ਵਿਚ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿਚ ‘ਨੀਟ’ ਦੇ ਪੀੜਤ ਵਿਦਿਆਰਥੀਆਂ ਅਤੇ ਮਾਪੇ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਰਵਿੰਦਰ ਡਾਲਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਵਿਚ 22 ਲੱਖ ਪ੍ਰਭਾਵਿਤ ਵਿਦਿਆਰਥੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਸੱਚਮੁੱਚ ਨੀਟ ਪ੍ਰੀਖਿਆ ਲੀਕ ਮਾਮਲੇ ‘ਤੇ ਗੰਭੀਰ ਹਨ ਤਾਂ ਉਹ ਤੁਰੰਤ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਸਿੱਖਿਆ ਮੰਤਰੀ ਸਮੇਤ ਅਧਿਕਾਰੀਆਂ ਨੂੰ ਸਜ਼ਾ ਦੇਣ, ਨਹੀਂ ਡਰਾਮੇਬਾਜ਼ੀ ਕਰਨ ਦੀ ਕੋਈ ਲੋੜ ਨਹੀਂ। ਇਸ ਮੌਕੇ ਸਾਬਕਾ ਵਿਧਾਇਕ ਹਰਦੀਪ ਸਿੰਘ ਕਿੰਗਰਾ, ਜਗਦੇਵ ਸਿੰਘ ਕਮਾਲੂ, ਗੁਰਜੰਟ ਸਿੰਘ ਕੁੱਤੀਵਾਲ, ਸਾਬਕਾ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਸਾਬਕਾ ਚੇਅਰਮੈਨ ਕੇ.ਕੇ. ਅਗਰਵਾਲ, ਡਾਇਰੈਕਟਰ ਮਾਰਕਫੈੱਡ ਟਹਿਲ ਸਿੰਘ ਸੰਧੂ, ਪੀਪੀਸੀਸੀ ਮੈਂਬਰ ਪਵਨ ਮਾਨੀ, ਬਲਰਾਜ ਪੱਕਾ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਵੰਤ ਰਾਏ ਨਾਥ, ਕਿਰਨਜੀਤ ਸਿੰਘ ਗਹਿਰੀ, ਡਾ. ਜੀਵਨਜੋਤ ਕੌਰ ਭੱਟੀ, ਬਲਜਿੰਦਰ ਸਿੰਘ ਠੇਕੇਦਾਰ, ਪਰਵਿੰਦਰ ਸ਼ਰਨੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
‘ਨੀਟ’ ਪੇਪਰ ਲੀਕ ਮਾਮਲੇ ’ਤੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਿਆ, ਸਿੱਖਿਆ ਮੰਤਰੀ ਦਾ ਮੰਗਿਆ ਅਸਤੀਫ਼ਾ
ਅਜੀਤ ਡੈਸਕ
30-06-2026