ਬਠਿੰਡਾ, 29 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵੀਡੀਓ ਦੇ ਮਾਮਲੇ ’ਤੇ ਉਨ੍ਹਾਂ ਨੂੰ ਘੇਰਦੇ ਹੋਏ ਕਿਹਾ ਕਿ ਭਗਵੰਤ ਮਾਨ ਆਪਣਾ ਗੁਨਾਹ ਕਬੂਲਣ ਦੀ ਬਜਾਏ ਸੱਤਾ ਦੇ ਨਸ਼ੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਿਹਾ ਹੈ। ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਤੇ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਵੀ ਵਿਅਕਤੀ ਨੇ ਹੰਕਾਰ ਅਤੇ ਹਾਊਮੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਦੂਲੀ ਕੀਤੀ ਹੈ, ਉਸ ਦਾ ਹਸ਼ਰ ਮਾੜਾ ਹੋਇਆ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਨੂੰ ਸਿੱਖ ਕੌਮ ਦੀ ਸਰਵ ਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਦੇ ਹੋਏ ਭਗਵੰਤ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੁਰੰਤ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬਰਖ਼ਾਸਤ ਕਰੇ ਅਤੇ ਪਾਰਟੀ ਦੇ ਸਮੁੱਚੇ ਵਿਧਾਇਕ ਉਸ ਖ਼ਿਲਾਫ਼ ਬੇਭਰੋਸਗੀ ਮਤਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ। ਅਕਾਲੀ ਆਗੂਆਂ ਨੇ ਬੇਅਦਬੀ ਸੰਬੰਧੀ ਬਣਾਏ ਗਏ ਨਵੇਂ ਕਾਨੂੰਨ ਸੰਬੰਧੀ ਸਮੁੱਚੇ ਸਿੱਖ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ’ਤੇ ਹੋਈ ਪੇਸ਼ੀ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹੀ ਵਿਧਾਇਕਾਂ ਨੇ ਨਵੇਂ ਕਾਨੂੰਨ ਦਾ ਅਸਲੀ ਸੱਚ ਸਾਹਮਣੇ ਲਿਆਂਦਾ ਹੈ ਕਿ ਉਨ੍ਹਾਂ ਤੋਂ ਕਾਨੂੰਨ ਨੂੰ ਬਿਨਾਂ ਪੜੇ ਦਸਤਖ਼ਤ ਕਰਵਾਏ ਗਏ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਮੁੱਖ ਮੰਤਰੀ ਵਲੋਂ ਸੱਤਾ ਦੇ ਨਸ਼ੇ ਵਿਚ ਆਪ ਮੁਹਾਰੇ ਲਿਆ ਗਿਆ ਫ਼ੈਸਲਾ ਹੈ। ਅਕਾਲੀ ਆਗੂਆਂ ਦਾ ਇਹ ਪ੍ਰਤੀਕ੍ਰਮ ਪਾਰਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ: ਓਮ ਪ੍ਰਕਾਸ਼ ਸ਼ਰਮਾ ਵਲੋਂ ਸਾਂਝਾ ਕੀਤਾ ਗਿਆ।
ਭਗਵੰਤ ਮਾਨ ਸੱਤਾ ਦੇ ਨਸ਼ੇ ’ਚ ਤਖ਼ਤ ਸਾਹਿਬ ਨਾਲ ਮੱਥਾ ਲਗਾ ਰਿਹਾ- ਅਕਾਲੀ ਆਗੂ
ਅਜੀਤ ਡੈਸਕ
30-06-2026