ਮੋਰਿੰਡਾ, 31 ਜਨਵਰੀ (ਪਿ੍ਤਪਾਲ ਸਿੰਘ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਅਰਨੌਲੀ ਵਲੋਂ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ 27ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਨਰਾਤਾ ਸਿੰਘ ਫੌਜੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਪਿੰਡ ਅਰਨੌਲੀ ਤੋਂ ਅਰੰਭ ਹੋਕੇ ਵੱਖ-ਵੱਖ ਪਿੰਡਾਂ ਫਤਿਹਪੁਰ, ਕਾਈਨੌਰ, ਸਹੇੜੀ, ਮੋਰਿੰਡਾ, ਢੋਲਣ ਮਾਜਰਾ, ਕਾਂਜਲਾ, ਕਲਾਰਾਂ, ਸਰਹਾਣਾ ਅਤੇ ਮੁੰਡੀਆਂ ਨੂੰ ਹੁੰਦੇ ਹੋਏ ਵਾਪਸ ਪਿੰਡ ਅਰਨੌਲੀ ਗੁਰਦੁਆਰਾ ਸਾਹਿਬ ਪਹੁੰਚ ਕੇ ਸਪੰਨ ਹੋਇਆ | ਇਸ ਨਗਰ ਕੀਰਤਨ ਦੌਰਾਨ ਸੰਗਤਾਂ ਵਿਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ | ਇਸ ਮੌਕੇ ਦਿਲਬਰ ਸਿੰਘ ਪੋਹਲੋ ਮਾਜਰਾ ਅਤੇ ਸੰਤੋਖ ਸਿੰਘ ਧਨੌਰੀ ਦੇ ਕੀਰਤਨ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਨਗਰ ਕੀਰਤਨ ਦੌਰਾਨ ਗਤਕਾ ਅਖਾੜੇ ਦੇ ਬੱਚਿਆਂ ਵਲੋਂ ਖਾਲਸਾਈ ਬਾਣੇ ਵਿਚ ਗਤਕੇ ਦੇ ਜੌਹਰ ਵਿਖਾਏ ਗਏ | ਇਸ ਮੌਕੇ ਸ਼ਰਧਾਲੂਆਂ ਵਲੋਂ ਸੰਗਤਾਂ ਲਈ ਵੱਖ-ਵੱਖ ਪਿੰਡਾਂ ਵਿਚ ਚਾਹ, ਬ੍ਰੈਡ, ਪਕੌੜੇ, ਖੀਰ, ਦਾਲ-ਰੋਟੀ, ਗਰਮ ਦੁੱਧ ਆਦਿ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਪ੍ਰਧਾਨ ਨਵਜੀਤ ਸਿੰਘ ਨਵੀ, ਸਾਬਕਾ ਸਰਪੰਚ ਦਵਿੰਦਰ ਕੌਰ, ਬਲਵਿੰਦਰ ਸਿੰਘ ਸੰਧੂ, ਪੰਚ ਹਰਦੀਪ ਸਿੰਘ ਮਿੱਠੂ, ਰਣਧੀਰ ਕੌਰ ਪੰਚ, ਪੰਚ ਜਸਵੀਰ ਕੌਰ, ਧਰਮਿੰਦਰ ਸਿੰਘ, ਜਗਤਾਰ ਸਿੰਘ, ਜਗਰੂਪ ਸਿੰਘ ਅਰਨੌਲੀ, ਰੋਸ਼ਨ ਸਿੰਘ, ਬਚਿੱਤਰ ਸਿੰਘ, ਮਨਦੀਪ ਸਿੰਘ, ਹਰਬੰਸ ਸਿੰਘ, ਬਲਜੀਤ ਕੌਰ, ਪਰਮਜੀਤ ਸਿੰਘ ਪੰਮਾ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ |