ਰੂਪਨਗਰ, 5 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵਲੋਂ ਅੱਜ ਸਥਾਨਕ ਆਗੂਆਂ ਨਾਲ ਸ਼ਹਿਰ ਦੀ ਜਥੇਬੰਦੀ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ | ਇਸ ਮੌਕੇ ਡਾ. ਚੀਮਾ ਨੇ ਦੱਸਿਆ ਕੇ ਸ਼ਹਿਰ ਦੇ ਲਗਭਗ ਸਾਰੇ ਵਾਰਡਾਂ 'ਚ ਵਰਕਰਾਂ ਦੀਆਂ ਕਮੇਟੀਆਂ ਬਣ ਚੁੱਕੀਆਂ ਹਨ ਅਤੇ ਜਲਦੀ ਹੀ ਸਾਰੇ ਵਾਰਡਾਂ ਦੇ ਪ੍ਰਧਾਨ ਵੀ ਨਿਯੁਕਤ ਕਰ ਦਿੱਤੇ ਜਾਣਗੇ | ਉਹਨਾਂ ਕਿਹਾ ਕਿ ਵਪਾਰ ਵਿੰਗ, ਅਨੁਸੂਚਿਤ ਜਾਤੀ ਵਿੰਗ, ਪੱਛੜੀਆਂ ਸ਼੍ਰੇਣੀਆਂ ਵਿੰਗ, ਯੂਥ ਵਿੰਗ ਅਤੇ ਇਸਤਰੀ ਵਿੰਗ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੀ ਆਉਣ ਵਾਲੇ ਕੁੱਝ ਦਿਨਾਂ 'ਚ ਮੁਕੰਮਲ ਕਰ ਕੇ ਵਾਰਡ ਵਾਈਜ਼ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਰੋਪੜ ਸ਼ਹਿਰ ਵਿਕਾਸ ਦੇ ਮਾਮਲੇ ਵਿਚ ਬਹੁਤ ਪਛੜ ਚੁੱਕਿਆ ਹੈ ਸੜਕਾਂ, ਸੀਵਰੇਜ ਅਤੇ ਵਾਟਰ ਸਪਲਾਈ ਸਬੰਧੀ ਪਹਿਲਾਂ ਕਾਂਗਰਸ ਸਰਕਾਰ ਅਤੇ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਉਹ ਕੇਵਲ ਲਾਰੇ ਹੀ ਰਹਿ ਗਏ | ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ 'ਤੇ ਸ਼ਹਿਰ ਦੇ ਪੁਰਾਣੇ ਪੁਲ ਦੀ ਜਗ੍ਹਾ 'ਤੇ ਨਵਾਂ ਪੁਲ ਬਣਾ ਕੇ ਦਿੱਤਾ ਜਾਵੇਗਾ | ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਇਸ਼ਤਿਹਾਰਾਂ ਵਿਚ ਹੀ ਵਿਕਾਸ ਕਰਵਾ ਰਹੀ ਹੈ ਜਦ ਕਿ ਅਸਲੀਅਤ ਵਿਚ ਸ਼ਹਿਰ ਵਿਚ ਕੋਈ ਕੰਮ ਨਹੀਂ ਹੋ ਰਿਹਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ, ਨਗਰ ਕੌਂਸਲ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮੱਕੜ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸਾਬਕਾ ਕੌਂਸਲਰ ਚੌਧਰੀ ਵੇਦ ਪ੍ਰਕਾਸ਼, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ, ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਭਾਵਾਧਸ ਪੰਜਾਬ, ਅਕਾਲੀ ਆਗੂ ਜਸਬੀਰ ਸਿੰਘ ਗਿੱਲ, ਅਜੀਤਪਾਲ ਸਿੰਘ ਨਾਫਰੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਮੋਹਨ ਸਿੰਘ ਮੁਹੰਮਦੀਪੁਰ, ਐਡਵੋਕੇਟ ਰਮਨ ਕੁਮਾਰ, ਡਾ: ਜਗਦੀਸ਼ ਸਿੰਘ ਅਤੇ ਹਰਜਿੰਦਰ ਕੌਰ ਮੈਂਬਰ ਬਲਾਕ ਸੰਮਤੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |