ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)-ਖਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲਾ-ਮਹੱਲਾ ਦੇ ਕੌਮੀ ਜੋੜ-ਮੇਲੇ ਦੇ ਮੁੱਖ ਦੀਵਾਨ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਵਲੋਂ ਕਥਾ ਦੀ ਹਾਜ਼ਰੀ ਭਰੀ | ਇਸ ਮੌਕੇ ਉਨ੍ਹਾਂ ਨੇ ਹੋਲਾ-ਮਹੱਲਾ ਦੀ ਆਰੰਭਤਾ ਦੇ ਇਤਿਹਾਸ ਅਤੇ ਸੰਕਲਪ ਬਾਰੇ ਚਾਨਣ ਪਾਉਂਦਿਆਂ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਨਿਆਰਾਪਨ ਦੀ ਬਖ਼ਸ਼ੀਸ਼ ਕੀਤੀ ਹੈ ਅਤੇ ਦੁਨਿਆਵੀ ਤਿਉਹਾਰ ਹੋਲੀ ਦੀ ਥਾਂ ਖ਼ਾਲਸਾ ਪੰਥ ਦਾ ਹੋਲਾ-ਮਹੱਲਾ ਖ਼ਾਲਸੇ ਦੀ ਕੌਮੀ ਵਿਲੱਖਣਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਹਮੇਸ਼ਾ ਆਪਣੀ ਵਿਲੱਖਣ ਪਛਾਣ ਨੂੰ ਕਾਇਮ ਰੱਖਣਾ ਚਾਹੀਦਾ ਹੈ | ਉਨ੍ਹਾਂ ਖ਼ਾਲਸੇ ਨੂੰ ਗੁਰੂ ਸਾਹਿਬ ਵਲੋਂ ਬਖ਼ਸ਼ੀਸ਼ ਕੀਤੇ ਨਿਆਰੇਪਨ ਦੀ ਵਿਆਖਿਆ ਕਰਦਿਆਂ ਅੰਮਿ੍ਤ ਛਕ ਕੇ ਖ਼ਾਲਸਾ ਬਣਨ ਅਤੇ ਨਿੱਤਨੇਮ ਨੂੰ ਅਪਣਾਉਣ ਦੀ ਲੋੜ ਅਤੇ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਭਾਈ ਪਿੰਦਰਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਜਰਨੈਲ ਸਿੰਘ ਡੋਗਰਾਂਵਾਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ ਐਡਵੋਕੇਟ, ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਮੈਨੇਜਰ ਚਰਨਜੀਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਖ਼ੂਨੀ ਕਲੇਰ ਆਦਿ ਵੀ ਹਾਜ਼ਰ ਸਨ |