ਮੋਰਿੰਡਾ, 24 ਅਪ੍ਰੈਲ (ਪਿ੍ਤਪਾਲ ਸਿੰਘ)- ਨਜ਼ਦੀਕੀ ਪਿੰਡ ਬੂਰਮਾਜਰਾ ਵਿਖੇ ਖੇਡ ਸਟੇਡੀਅਮ ਤੋਂ ਕਬਰਸਤਾਨ ਤੱਕ ਬਣ ਰਹੀ ਕੰਧ ਦੇ ਨਿਰਮਾਣ ਕਾਰਜ 'ਤੇ ਸਵਾਲ ਖੜ੍ਹੇ ਕਰਦਿਆਂ ਪੰਚ ਜਸਵਿੰਦਰਪਾਲ ਸਿੰਘ, ਪੰਚ ਇਕਬਾਲ ਸਿੰਘ, ਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਦਲਵੀਰ ਸਿੰਘ, ਮਹਿਬੂਬ ਆਲਮ, ਫ਼ਕਰੁਦੀਨ, ਅਜ਼ਰੁਦੀਨ, ਸੇਰ ਮੁਹੰਮਦ, ਕੁਲਵਿੰਦਰ ਸਿੰਘ, ਸੋਨੂ ਕੰਗ, ਨੈਨ ਦੀਪ ਅਤੇ ਕਰਮਜੀਤ ਸਿੰਘ ਆਦਿ ਨੇ ਕਿਹਾ ਕਿ ਬਣਾਈ ਜਾ ਰਹੀ ਇਸ ਕੰਧ ਦੀ ਨੀਂਹ ਵਿਚ ਘਟੀਆ ਦਰਜੇ ਦਾ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜਿਸ ਨਾਲ ਇਸ ਦੀ ਮਜ਼ਬੂਤੀ ਤੇ ਲੰਬੇ ਸਮੇਂ ਤੱਕ ਟਿਕਾਊ ਪਣ 'ਤੇ ਸੰਦੇਹ ਪੈਦਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਕੰਧ ਦੀ ਨੀਂਹ ਵਿਚ ਇੱਟਾਂ ਅਤੇ ਰੇਤੇ ਨਾਲ ਚਿਣਾਈ ਕੀਤੀ ਗਈ ਹੈ, ਜਦਕਿ ਨੀਂਹਾਂ ਦੇ ਥੱਲੇ ਰੇਤੇ ਵਿਚ ਹੀ ਪੱਥਰ ਪਾ ਕੇ ਲਗਾਇਆ ਜਾ ਰਿਹਾ ਹੈ | ਨਿਰਮਾਣ ਦੇ ਇਸ ਤਰੀਕੇ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ ਇਸ ਕੰਮ ਦੀ ਗੁਣਵੱਤਾ 'ਤੇ ਗੰਭੀਰ ਚਿੰਤਾ ਜਤਾਈ ਹੈ | ਉਕਤ ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਠੇਕੇਦਾਰ ਵਲੋਂ ਜਾਣਬੁੱਝ ਕੇ ਗ਼ਲਤ ਮਟੀਰੀਅਲ ਵਰਤਿਆ ਜਾ ਰਿਹਾ ਹੈ, ਜੋ ਕਿ ਸਰਕਾਰੀ ਨਿਯਮਾਂ ਅਤੇ ਮਿਆਰਾਂ ਦੇ ਉਲਟ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਮ ਦੀ ਪੂਰੀ ਜਾਂਚ ਕਰਵਾ ਕੇ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਫ਼ੰਡਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ ਅਤੇ ਬਣ ਰਹੀ ਕੰਧ ਮਜ਼ਬੂਤ ਅਤੇ ਮਿਆਰੀ ਹੋਵੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ | ਇਸ ਗੱਲ ਦਾ ਪਤਾ ਲੱਗਣ ਤੇ ਬਲਾਕ ਸੰਮਤੀ ਦੀ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਅਤੇ ਬਲਾਕ ਸੰਮਤੀ ਮੈਂਬਰ ਦਵਿੰਦਰ ਕੌਰ ਕੰਗ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਸਪਸ਼ਟ ਕਿਹਾ ਕਿ ਅਜਿਹਾ ਘਟੀਆ ਮਟੀਰੀਅਲ ਵਰਤਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਸੰਬੰਧਿਤ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨੀਂਹ ਦੀ ਤਿਆਰੀ ਲਈ ਉੱਚ ਗੁਣਵੱਤਾ ਵਾਲਾ ਮਟੀਰੀਅਲ ਵਰਤਿਆ ਜਾਵੇ ਅਤੇ ਕੰਮ ਮਿਆਰੀ ਤਰੀਕੇ ਨਾਲ ਕੀਤਾ ਜਾਵੇ | ਜਦੋਂ ਇਸ ਸਬੰਧੀ ਸੰਬਧਤ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਨਿਰਮਾਣ ਕੰਮ ਵਿਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੈ | ਉਨ੍ਹਾਂ ਦੱਸਿਆ ਕਿ ਕੰਮ ਲਈ ਮਿਆਰੀ ਤੇ ਵਧੀਆ ਕੁਆਲਿਟੀ ਦਾ ਮਟੀਰੀਅਲ ਹੀ ਵਰਤਿਆ ਜਾ ਰਿਹਾ ਹੈ | ਠੇਕੇਦਾਰ ਨੇ ਦਾਅਵਾ ਕੀਤਾ ਕਿ ਪੂਰੀ ਤਰ੍ਹਾਂ ਮਿਆਰੀ ਤੇ ਮਜ਼ਬੂਤ ਕੰਧ ਤਿਆਰ ਕੀਤੀ ਜਾ ਰਹੀ ਹੈ ਅਤੇ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਜਾ ਰਹੀ |