ਰੂਪਨਗਰ, 24 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਰੂਪਨਗਰ ਦੇ ਸਿਵਲ ਸਰਜਨ ਡਾ. ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਜ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੇ ਸੰਬੰਧ 'ਚ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਡੇਂਗੂ ਸੰਬੰਧੀ ਜਾਗਰੂਕ ਕੀਤਾ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਡੇਂਗੂ ਸਰਵੇ ਕੀਤਾ | ਸਿਵਲ ਸਰਜਨ ਡਾ. ਰਮਨ ਕੁਮਾਰ ਗੁਪਤਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਅਤੇ ਜ਼ਿਲ੍ਹਾ ਐਪੀਡੇਮਿਲੋਜਿਸਟ ਡਾ. ਹਰਸ਼ਰਨ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਰੂਪਨਗਰ ਵਿਖੇ ਡੇਂਗੂ ਦਾ ਸਰਵੇ ਕਰਨ ਲਈ ਟੀਮਾਂ ਨੂੰ ਰਵਾਨਾ ਕੀਤਾ | ਇਨ੍ਹਾਂ ਟੀਮਾਂ ਵਲੋਂ ਮੁਸਲਿਮ ਝੁੱਗੀਆ, ਰੋਪੜ ਕੁਸ਼ਟ ਆਸ਼ਰਮ, ਡੀ. ਏ. ਵੀ. ਸਕੂਲ ਰੋਡ ਰੋਪੜ, ਸਦਾਬਰਤ ਤੇ ਪੁਰਾਣੇ ਬੱਸ ਸਟੈਂਡ ਅਤੇ ਬੜੀ ਹਵੇਲੀ ਵਿਖੇ ਡੇਂਗੂ ਦੇ ਸੰਬੰਧ 'ਚ ਸਰਵੇ ਕੀਤਾ ਤੇ ਲੋਕਾਂ ਨੂੰ ਜਾਗਰੂਕ ਕੀਤਾ | ਸਿਹਤ ਵਿਭਾਗ ਦੇ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਕੀਤੇ ਸਰਵੇ ਦੌਰਾਨ ਕੂਲਰ, ਗਮਲੇ, ਫਰਿਜ਼, ਹੋਦੀਆਂ, ਪੁਰਾਣੇ ਸਮਾਨ ਜਿਨ੍ਹਾਂ 'ਚ ਗੰਦਾ ਪਾਣੀ ਖੜ੍ਹ ਸਕਦਾ ਹੈ, ਚੈੱਕ ਕੀਤੇ ਗਏ | ਚੈਕਿੰਗ ਦੌਰਾਨ ਮਿਲੇ ਲਾਰਵੇਂ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ | ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਅਧਿਕਾਰੀਆ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਤੇ ਚਿਕਨਗੁਨੀਆਂ ਬਿਮਾਰੀ ਦੇ ਚਿੰਨ੍ਹ, ਲੱਛਣ, ਇਲਾਜ਼ ਅਤੇ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਹਰ ਇਕ ਵਿਆਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਸਾਫ ਸਫਾਈ ਪ੍ਰਤੀ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿਚ ਮੁਫ਼ਤ ਕੀਤਾ ਜਾਂਦਾ ਹੈ | ਇਸ ਦੇ ਨਾਲ ਹੀ ਦਵਾਈ ਦੀ ਸਪਰੇਅ ਵੀ ਕੀਤੀ ਗਈ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਏ.ਐਮ.ਓ. ਦਿਲਬਾਗ ਸਿੰਘ, ਹੈਲਥ ਇੰਸਪੈਕਟਰ ਰਣਜੀਤ ਸਿੰਘ ਤੇ ਲਖਬੀਰ ਸਿੰਘ ਅਤੇ ਹੋਰ ਸਟਾਫ਼ ਹਾਜ਼ਰ ਸੀ |