ਰੂਪਨਗਰ, 1 ਮਈ (ਗੁਰਪ੍ਰੀਤ ਸਿੰਘ ਹੁੰਦਲ)- ਰੂਪਨਗਰ ਸ਼ਹਿਰ ਵਿਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ ਦਿਹਾੜੇ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਸ਼ਹਿਰ ਵਿੱਚ ਦੂਜੇ ਦਿਨ ਵੀ ਚੋਰਾਂ ਨੇ ਦੋ ਵੱਖ-ਵੱਖ ਥਾਵਾਂ 'ਤੇ ਚੋਰੀਆਂ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ | ਪਹਿਲੀ ਘਟਨਾ ਵੱਡੀ ਹਵੇਲੀ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੇ ਨੇੜੇ ਵਾਪਰੀ, ਜਿੱਥੇ ਚੋਰ ਇਕ ਘਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਤੇ ਕਰੀਬ 4 ਲੱਖ ਰੁਪਏ ਨਕਦ, 12 ਤੋਲੇ ਸੋਨੇ ਦੇ ਗਹਿਣੇ ਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ | ਦੂਜੀ ਘਟਨਾ ਮੁਹੱਲਾ ਛੋਟਾ ਖੇੜਾ ਨੇੜੇ ਜੈਨ ਮੁਹੱਲੇ ਵਿਚ ਵਾਪਰੀ ਜਿੱਥੇ ਚੋਰ ਘਰ ਵਿੱਚੋਂ ਲੈਪਟਾਪ, ਸਿਲੈਂਡਰ ਤੇ ਕਰੀਬ 30 ਹਜ਼ਾਰ ਰੁਪਏ ਨਗਦ ਚੋਰੀ ਕਰਕੇ ਲੈ ਗਏ | ਵੱਡੀ ਹਵੇਲੀ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਸਵੇਰੇ ਕਰੀਬ 6:30 ਵਜੇ ਆਪਣੇ ਘਰ ਨੂੰ ਤਾਲਾ ਲਗਾ ਕੇ ਸਮਾਗਮ 'ਚ ਗਏ ਸਨ | ਰਾਤ ਕਰੀਬ 10:30 ਵਜੇ ਵਾਪਸ ਆਉਣ 'ਤੇ ਦੇਖਿਆ ਕਿ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ, ਸਾਮਾਨ ਖਿਲਰਿਆ ਪਿਆ ਸੀ | ਘਰ ਵਿਚ ਰੱਖੀ ਕਰੀਬ 4 ਲੱਖ ਰੁਪਏ ਦੀ ਨਕਦੀ ਤੇ 12 ਤੋਲੇ ਸੋਨੇ ਦੇ ਗਹਿਣੇ ਚੋਰੀ ਹੋ ਗਏ | ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਧੀ ਦਾ ਵਿਆਹ ਹੋਇਆ ਸੀ, ਜਿਸ ਕਰਕੇ ਨਕਦੀ ਘਰ ਵਿਚ ਰੱਖੀ ਹੋਈ ਸੀ | ਮੁਹੱਲਾ ਛੋਟਾ ਖੇੜਾ ਦੇ ਰਹਿਣ ਵਾਲੇ ਅਨੀਲ ਪੁੱਤਰ ਨੇਮ ਸਿੰਘ ਨੇ ਦੱਸਿਆ ਕਿ ਉਹ ਕਰਿਆਨਾ ਦੁਕਾਨ 'ਤੇ ਕੰਮ ਕਰਦੇ ਹਨ ਤੇ ਘਰ ਦੀ ਉੱਪਰੀ ਮੰਜ਼ਿਲ 'ਤੇ ਰਹਿੰਦੇ ਹਨ | ਉਹ ਦੁਪਹਿਰ ਕਰੀਬ 3 ਵਜੇ ਘਰ ਤੋਂ ਕੰਮ 'ਤੇ ਗਏ ਸਨ ਤੇ ਥੋੜ੍ਹੀ ਦੇਰ ਬਾਅਦ ਹੀ ਫੋਨ ਆ ਗਿਆ ਕਿ ਘਰ 'ਚ ਚੋਰੀ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਚੋਰ ਨੂੰ ਹੇਠਾਂ ਰਹਿੰਦੇ ਕੁਝ ਲੋਕਾਂ ਤੇ ਬੱਚਿਆਂ ਨੇ ਵੇਖਿਆ ਵੀ ਸੀ, ਜੋ ਸਿਲੈਂਡਰ ਲੈ ਕੇ ਜਾ ਰਿਹਾ ਸੀ ਪਰ ਫਿਰ ਵੀ ਉਹ ਫੜਿਆ ਨਾ ਗਿਆ | ਇਸ ਚੋਰੀ ਦੌਰਾਨ ਲੈਪਟਾਪ, ਸਿਲੈਂਡਰ ਤੇ ਕਰੀਬ 30 ਹਜ਼ਾਰ ਰੁਪਏ ਨਗਦ ਚੋਰੀ ਹੋ ਗਏ |