ਸ੍ਰੀ ਚਮਕੌਰ ਸਾਹਿਬ, 2 ਮਈ (ਜਗਮੋਹਣ ਸਿੰਘ ਨਾਰੰਗ)- ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋਮਾਜਰਾ ਤੇ ਗੁਲਾਬ ਚੰਦ ਚੌਹਾਨ ਦੀ ਪ੍ਰਧਾਨਗੀ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲੇਬਰ ਚੌਕ ਵਿਖੇ ਮਜ਼ਦੂਰ ਕਾਨਫ਼ਰੰਸ ਕੀਤੀ ਗਈ | ਜਨਰਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਕਾਨਫ਼ਰੰਸ ਤੋਂ ਪਹਿਲਾਂ ਯੂਨੀਅਨ ਵਲੋਂ ਸ਼ਹਿਰ 'ਚ ਮੋਟਰਸਾਈਕਲ ਮਾਰਚ ਕੀਤਾ ਗਿਆ | ਉਪਰੰਤ ਕਾਨਫ਼ਰੰਸ ਵਿਚ ਮਿਸਤਰੀਆਂ, ਮਜ਼ਦੂਰਾਂ ਤੋਂ ਇਲਾਵਾ ਮੁਲਾਜ਼ਮ, ਪੈਨਸ਼ਨਰ ਮਿੳਾੂਸੀਪਲ ਕਾਮਿਆਂ ਨੇ ਸ਼ਮੂਲੀਅਤ ਕੀਤੀ | ਕ੍ਰਾਂਤੀ ਕਲਾ ਮੰਚ ਰੂਪਨਗਰ ਵਲੋਂ ਅਰਵਿੰਦਰ ਰਾਣਾ ਦੀ ਨਿਰਦੇਸ਼ਕਾਂ ਹੇਠ ਮਜ਼ਦੂਰਾਂ ਦੀ ਜ਼ਿੰਦਗੀ ਆਧਾਰਤ ਨਾਟਕ 'ਜਥੇਬੰਦ ਹੋ ਜਾਵੋ' ਖੇਡਿਆ ਗਿਆ | ਇਸ ਮੌਕੇ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ, ਪੈਨਸ਼ਨਰ ਮਹਾ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ, ਡੀ.ਐੱਮ.ਐੱਫ. ਦੇ ਆਗੂ ਸੁਖਰਾਮ ਕਾਲੇਵਾਲ ਆਦਿ ਹਾਜ਼ਰ ਸਨ |