ਪੁਰਖਾਲੀ, 31 ਮਈ (ਅੰਮਿ੍ਤਪਾਲ ਸਿੰਘ ਬੰਟੀ)- ਸਿਆਸਤਪੁਰ-ਭੱਦਲ ਬੱਸ ਅੱਡੇ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਸਥਾਨਕ ਲੋਕਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਕੱਲ੍ਹ ਹੋਈ ਬਾਰਸ਼ ਤੋਂ ਬਾਅਦ ਜਦੋਂ ਬੱਸ ਅੱਡੇ 'ਤੇ ਪਾਣੀ ਦੀ ਨਿਕਾਸੀ ਦਾ ਕੋਈ ਰਾਹ ਨਹੀਂ ਲੱਭਿਆ ਤਾਂ ਮਜਬੂਰਨ ਲੋਕਾਂ ਨੂੰ ਇਸ ਬਰਸਾਤੀ ਪਾਣੀ ਦਾ ਰੁਖ ਭੱਦਲ ਦੀ ਮੁੱਖ ਸੜਕ ਵੱਲ ਮੋੜਨਾ ਪਿਆ | ?ਇਸ ਕਾਰਨ ਮੁੱਖ ਸੜਕ ਨੇ ਪੂਰੀ ਤਰ੍ਹਾਂ ਇੱਕ ਨਦੀ ਦਾ ਰੂਪ ਧਾਰ ਲਿਆ | ਲੋਕਾਂ ਮੁਤਾਬਿਕ ਕਈ ਘੰਟਿਆਂ ਤੱਕ ਸੜਕ ਦੇ ਵਿਚਕਾਰੋਂ ਨਦੀ ਵਾਂਗ ਤੇਜ਼ ਪਾਣੀ ਵਹਿੰਦਾ ਰਿਹਾ, ਜੋ ਕਿ ਸਾਰੀ ਰਾਤ ਬੇਰੋਕ ਚੱਲਦਾ ਰਿਹਾ | ਸੜਕ 'ਤੇ ਜਲ-ਥਲ ਹੋਣ ਕਾਰਨ ਵਾਹਨ ਚਾਲਕਾਂ ਤੇ ਪੈਦਲ ਜਾਣ ਵਾਲੇ ਲੋਕਾਂ ਨੂੰ ਲੰਘਣ ਵਿਚ ਬੇਹੱਦ ਪ੍ਰੇਸ਼ਾਨੀ ਆਈ ਤੇ ਹਾਦਸਿਆਂ ਦਾ ਡਰ ਵੀ ਬਣਿਆ ਰਿਹਾ | ਇਸ ਸੰਬੰਧੀ ?ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕਈ ਪਿੰਡਾਂ ਦਾ ਬਰਸਾਤੀ ਪਾਣੀ ਪਹਿਲਾਂ ਸਿੱਧਾ ਜਾ ਕੇ ਨਦੀ 'ਚ ਜਾ ਪੈਂਦਾ ਸੀ ਪਰ ਹੁਣ ਸੜਕ ਦੇ ਨਾਲ ਉਸਾਰੀਆਂ ਹੋਣ ਕਾਰਨ ਇਹ ਪਾਣੀ ਸੀਟ ਫ਼ੈਕਟਰੀ ਦੇ ਨੇੜੇ ਜਮ੍ਹਾ ਹੋ ਜਾਂਦਾ ਹੈ ਤੇ ਪਾਣੀ ਨੂੰ ਅੱਗੇ ਜਾਣ ਲਈ ਕੋਈ ਰਸਤਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਪਿੱਛੇ ਤੱਕ ਕਿਸੇ ਡੈਮ ਜਾਂ ਝੀਲ ਵਾਂਗੂੰ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੇ ਇਹ ਪਾਣੀ ਸੜਕ 'ਚ ਮੋੜ ਦਿੱਤਾ ਜਿਸ ਕਾਰਨ ਉਕਤ ਸੜਕ ਇੱਕ ਨਦੀ ਦਾ ਰੂਪ ਧਾਰ ਗਈ | ਲੋਕਾਂ ਨੇ ਦੱਸਿਆ ਕਿ ਪਾਣੀ ਇਨ੍ਹਾਂ ਜਮ੍ਹਾ ਹੋ ਗਿਆ ਸੀ ਕਿ ਸਾਰੀ ਰਾਤ ਸੜਕ 'ਤੇ ਪਾਣੀ ਚੱਲਦਾ ਰਿਹਾ ਜਿਸ ਨਾਲ ਜਿੱਥੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ ਉੱਥੇ ਇਸ ਪਾਣੀ ਨਾਲ ਸੜਕ ਨੂੰ ਵੀ ਨੁਕਸਾਨ ਪੁੱਜਣ ਦੀ ਸੰਭਾਵਨਾ ਹੈ | ?ਸਥਾਨਕ ਲੋਕਾਂ ਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਹਰ ਬਰਸਾਤ 'ਚ ਅਜਿਹੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਬੱਸ ਅੱਡੇ ਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਪੱਕਾ ਹੱਲ ਕੀਤਾ ਜਾਵੇ |