ਰੂਪਨਗਰ, 31 ਮਈ, (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਡੀਜ਼ਲ, ਪੈਟਰੋਲ, ਰਸੋਈ ਗੈਸ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦਾ ਆਮ ਨਾਗਰਿਕ ਮਹਿੰਗਾਈ ਦੀ ਮਾਰ ਹੇਠ ਪੀੜਤ ਹੈ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਹਰ ਵਰਗ ਦਾ ਘਰੇਲੂ ਬਜਟ ਪ੍ਰਭਾਵਿਤ ਹੋਇਆ ਹੈ | ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਕਿਸਾਨਾਂ ਦੀ ਖੇਤੀ ਲਾਗਤ ਲਗਾਤਾਰ ਵਧ ਰਹੀ ਹੈ, ਜਦਕਿ ਖੇਤੀ ਲਈ ਲੋੜੀਂਦੀਆਂ ਖਾਦਾਂ ਦੀ ਕਮੀ ਨੇ ਵੀ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੈ | ਇਸੇ ਤਰ੍ਹਾਂ ਵਪਾਰੀ ਵਰਗ ਵੀ ਤੇਲ ਕੀਮਤਾਂ ਵਿਚ ਹੋਏ ਵਾਧੇ ਕਾਰਨ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਆਵਾਜਾਈ ਅਤੇ ਹੋਰ ਖ਼ਰਚਿਆਂ ਦੇ ਵਧਣ ਨਾਲ ਕਾਰੋਬਾਰ 'ਤੇ ਮਾੜਾ ਅਸਰ ਪੈ ਰਿਹਾ ਹੈ | ਅਸ਼ਵਨੀ ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਜ਼ਰੂਰੀ ਵਸਤਾਂ ਅਤੇ ਈਾਧਨ ਦੀਆਂ ਕੀਮਤਾਂ 'ਤੇ ਕਾਬੂ ਨਾ ਪਾਇਆ ਤਾਂ ਕਾਂਗਰਸ ਪਾਰਟੀ ਲੋਕ ਹਿਤ ਵਿਚ ਆਪਣਾ ਸੰਘਰਸ਼ ਹੋਰ ਤੇਜ਼ ਕਰੇਗੀ | ਇਸ ਮੌਕੇ ਰਾਜੇਸ਼ਵਰ ਲਾਲੀ, ਸੋਨੀਆ ਪੂਰੀ, ਬਲਵਿੰਦਰ ਕੌਰ, ਅਵਨੀਸ਼ ਮੋਦਗਿਲ, ਕੌਂਸਲਰ ਭਰਤ ਵਾਲੀਆ, ਜਗਮੋਹਨ ਸਿੰਘ, ਰਵਨੀਤ ਕੰਗ, ਸੂਰਜ ਧੀਮਾਨ, ਸੁਰਿੰਦਰ ਮਕਾਰੀ, ਨਿਤਿਨ, ਨਿਖਿਲ, ਪਵਿੱਤਰ, ਗੁਰਕੀਰਤ, ਇਸ਼ਪ੍ਰੀਤ ਘਨੌਲੀ, ਗੌਤਮ, ਇੰਦਰਜੀਤ, ਬਲਬੀਰ ਸੈਣੀ, ਮਨੀ ਗਰਦਲਾ, ਰਾਕੇਸ਼ ਸਾਹੋ, ਗੁਰਦੀਪ ਘਨੌਲਾ, ਮਨਪ੍ਰੀਤ ਰਸੂਲਪੁਰ ਅਤੇ ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |