ਕੀਰਤਪੁਰ ਸਾਹਿਬ, 24 ਜੂਨ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਕੀਰਤਪੁਰ ਸਾਹਿਬ ਦੇ ਵਿਸ਼ਵ ਪ੍ਰਸਿੱਧ ਇਤਿਹਾਸਿਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਪਾਵਨ ਅਸਥਾਨ ਦੇ ਚਾਰੇ ਪਾਸੇ ਡੰਗੇ ਲਗਾਉਣ ਦੀ ਕਾਰ ਸੇਵਾ ਦੀ ਆਰੰਭਤਾ ਧਾਰਮਿਕ ਸਮਾਗਮ ਦੌਰਾਨ ਪੰਜ ਸਿੰਘ ਸਾਹਿਬਾਨ ਵਲੋਂ ਟੱਕ ਲਗਾ ਕੇ ਕੀਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਮਲਕੀਤ ਸਿੰਘ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਮੈਨੇਜਰ ਭਾਈ ਸੁਖਬੀਰ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦਾ ਸਥਾਨ ਕਾਫੀ ਉਚਾਈ ’ਤੇ ਸਥਿਤ ਹੈ, ਬਰਸਾਤ ਦੇ ਮੌਸਮ ਦੌਰਾਨ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਨੁਕਸਾਨ ਪੁੱਜ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਡੰਗਾਂ ਲਗਾਉਣ ਦੀ ਕਾਰ ਸੇਵਾ ਦਾ ਕਾਰਜ ਸੌਂਪਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਾਰ ਸੇਵਾ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਜਥੇਦਾਰ ਬਾਬਾ ਕੁਲਦੀਪ ਸਿੰਘ, ਜਥੇਦਾਰ ਬਾਬਾ ਸਿੰਦਰ ਸਿੰਘ ਵਲੋਂ ਅਰਦਾਸ ਉਪਰੰਤ ਟੱਕ ਲਗਾ ਕੇ ਕੀਤੀ ਗਈ। ਕਾਰ ਸੇਵਾ ਦੌਰਾਨ ਡੰਗਾ ਲਗਾਉਣ ਦੇ ਕੀਤੇ ਜਾਣ ਵਾਲੇ ਕਾਰਜ ਬਾਰੇ ਜਾਣਕਾਰੀ ਦਿੰਦੇ ਹੋਏ ਇਹਨਾਂ ਦੱਸਿਆ ਕਿ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਚਾਰੇ ਪਾਸੇ ਹੇਠਾਂ ਤੋਂ ਲੈ ਕੇ ਕੰਪਲੈਕਸ ਦੇ ਬਰਾਬਰ ਤੱਕ ਡੰਗਾ ਲਗਾਇਆ ਜਾਵੇਗਾ ਤਾਂ ਜੋ ਮਿੱਟੀ ਨੂੰ ਖੋਰਾ ਲੱਗ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕੋਈ ਨੁਕਸਾਨ ਨਾ ਹੋਵੇ। ਉਹਨਾਂ ਦੱਸਿਆ ਕਿ ਇਸ ਕਾਰਜ ਲਈ ਕਰੋੜਾਂ ਰੁਪਏ ਖਰਚ ਆਵੇਗਾ। ਉਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੰਗਾ ਲਗਾਉਣ ਦੇ ਕਾਰਜ ਲਈ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਨੂੰ ਸੀਮੈਂਟ ਅਤੇ ਸਰੀਆ ਦਿੱਤਾ ਜਾਵੇਗਾ, ਬਾਕੀ ਸੇਵਾ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਵਲੋਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਅੱਗੇ ਜਿਸ ਪਾਸੇ ਆਰਜੀ ਦੁਕਾਨਾਂ ਬਣੀਆਂ ਹੋਈਆਂ ਹਨ, ਦੀ 20 ਫੁੱਟ ਦੀ ਦੂਰੀ ਤੋਂ ਡੰਗਾ ਲਗਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਜਾਵੇਗੀ। ਡੰਗਾ ਲਗਾਉਣ ਦੇ ਕਾਰਜ ਤੋਂ ਬਾਅਦ ਇਹ ਪਾਸਾ ਕਾਫੀ ਖੁੱਲ ਜਾਵੇਗਾ ਜਿਸ ਨਾਲ ਇੱਕ ਤਾਂ ਪਾਰਕਿੰਗ ਦੀ ਸਮੱਸਿਆ ਦਾ ਹੱਲ ਹੋਵੇਗਾ ਦੂਸਰਾ ਕੌਮੀ ਤਿਉਹਾਰ ਹੋਲਾ ਮੱਲਾ ਅਤੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਆਉਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਨੂੰ ਆਉਣ ਲਈ ਸੰਗਤ ਲਈ ਵੱਖਰਾ ਰਸਤਾ ਅਤੇ ਵਾਪਸ ਜਾਣ ਲਈ ਸੰਗਤ ਲਈ ਵੱਖਰਾ ਰਸਤਾ ਬਣਾਇਆ ਜਾਵੇਗਾ। ਜਿਸ ਨਾਲ ਟਰੈਫਿਕ ਦੀ ਸਮੱਸਿਆ ਵੀ ਹੱਲ ਹੋਵੇਗੀ। ਉਹਨਾਂ ਦੱਸਿਆ ਕਿ ਡੰਗਾ ਲੱਗਣ ਤੋਂ ਬਾਅਦ ਖਾਲੀ ਥਾਂ ਵਿਚ ਮਿੱਟੀ ਭਰੀ ਜਾਵੇਗੀ ਅਤੇ ਇਸ ਨੂੰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਬਰਾਬਰ ਕੀਤਾ ਜਾਵੇਗਾ ਇਸ ਦੇ ਉੱਪਰ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਡੰਗਾਂ ਲਗਾਉਣ ਦੇ ਕਾਰਜ ਤੋਂ ਬਾਅਦ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਚਾਰੇ ਪਾਸੇ ਸੁੰਦਰਤਾ ਵਿਚ ਵਾਧਾ ਹੋਵੇਗਾ, ਪਾਰਕਿੰਗ ਦੀ ਸਮੱਸਿਆ ਹੱਲ ਹੋਵੇਗੀ, ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਰਸਾਤ ਦੇ ਮੌਸਮ ਦੌਰਾਨ ਜੋ ਖਤਰਾ ਬਣ ਜਾਂਦਾ ਹੈ ਉਹ ਦੂਰ ਹੋਵੇਗਾ। ਸੰਗਤ ਨੂੰ ਆਉਣ ਜਾਣ ਦੇ ਵੱਖਰੇ ਵੱਖਰੇ ਰਸਤੇ ਹੋਣਗੇ। ਉਹਨਾਂ ਦੱਸਿਆ ਕਿ ਡੰਗਾ ਲਗਾਉਣ ਦਾ ਸਾਰਾ ਕਾਰਜ ਪੜਾਅ ਵਾਰ ਪੜਾਅ ਕੀਤਾ ਜਾਵੇਗਾ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ, ਸੰਦੀਪ ਸਿੰਘ ਕਲੋਤਾ ਐਡੀਸ਼ਨਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੁਖਬੀਰ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਜਥੇਦਾਰ ਬਾਬਾ ਕੁਲਦੀਪ ਸਿੰਘ, ਜਥੇਦਾਰ ਬਾਬਾ ਸਿੰਦਰ ਸਿੰਘ, ਜਥੇਦਾਰ ਬਾਬਾ ਗੁਲਜਾਰ ਸਿੰਘ ਆਦਿ ਸਮੇਤ ਭਾਰੀ ਤਾਦਾਦ ਵਿਚ ਸੰਗਤਾਂ ਹਾਜ਼ਰ ਸਨ।