ਨੂਰਪੁਰ ਬੇਦੀ, 25 ਜੂਨ (ਵਿੰਦਰਪਾਲ ਝਾਂਡੀਆਂ)-ਪਿਛਲੇ 25 ਦਿਨਾਂ ਤੋਂ ਵਿਭਾਗ ਵਿਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਰੇਗਾ ਕਰਮਚਾਰੀਆਂ ਦੀ ਹੜਤਾਲ ਦੌਰਾਨ ਤਨਖ਼ਾਹ ਕੱਟਣ ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਨੇ ਮੁਲਾਜ਼ਮਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਨੂਰਪੁਰ ਬੇਦੀ ਵਿਖੇ ਬੀ.ਡੀ.ਪੀ.ਓ. ਦਫ਼ਤਰ ਮੂਹਰੇ ਚੱਲ ਰਹੀ ਹੜਤਾਲ ਦੌਰਾਨ ਕਰਮਚਾਰੀਆਂ ਨੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਵਿਰੋਧ ਜਤਾਇਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚਨੌਲੀ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਦੇ ਹੁਕਮਾਂ ਤਹਿਤ ਡਿਪਟੀ ਡਾਇਰੈਕਟਰ ਵਲੋਂ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਨਰੇਗਾ ਨੂੰ ਪੱਤਰ ਜਾਰੀ ਕਰਕੇ ਹੜਤਾਲ ਦੇ ਦਿਨਾਂ ਦੀ ਤਨਖ਼ਾਹ ਨਾ ਦੇਣ ਲਈ ਕਿਹਾ ਗਿਆ ਹੈ। ਸਰਕਾਰ ਨੇ ਇਸ ਲਈ ‘’ਕੰਮ ਨਹੀਂ, ਤਾਂ ਤਨਖ਼ਾਹ ਨਹੀਂ” ਦੇ ਸਿਧਾਂਤ ਨੂੰ ਆਧਾਰ ਬਣਾਇਆ ਹੈ। ਇਸ ਫ਼ੈਸਲੇ ਦੀ ਜਾਣਕਾਰੀ ਮਿਲਦੇ ਹੀ ਨੂਰਪੁਰ ਬੇਦੀ ਵਿਖੇ ਧਰਨੇ ‘ਤੇ ਬੈਠੇ ਮਨਰੇਗਾ ਕਰਮਚਾਰੀਆਂ ਦਾ ਗ਼ੁੱਸਾ ਫੁੱਟ ਪਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪਹਿਲਾਂ ਹੀ 1 ਜੁਲਾਈ ਨੂੰ ਜਥੇਬੰਦੀ ਨਾਲ ਮੀਟਿੰਗ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਸੀ, ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਹੜਤਾਲੀ ਕਰਮਚਾਰੀਆਂ ਦੀ ਤਨਖ਼ਾਹ ਕੱਟਣ ਦੇ ਹੁਕਮ ਜਾਰੀ ਕਰਨਾ ਸਰਕਾਰ ਦੀ ਬੁਖਲਾਹਟ ਨੂੰ ਦਰਸਾਉਂਦਾ ਹੈ। ਆਗੂਆਂ ਨੇ ਕਿਹਾ ਕਿ ਮਨਰੇਗਾ ਮੁਲਾਜ਼ਮ ਲੰਮੇ ਸਮੇਂ ਤੋਂ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕਾ ਕਰਨ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਵਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੀਆਂ ਲੋਕ ਮਿਲਣੀਆਂ ਦੌਰਾਨ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਮਨਰੇਗਾ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ, ਲਾਲਚ ਜਾਂ ਡਰਾਵਿਆਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਜਥੇਬੰਦੀ ਦੀ ਏਕਤਾ ਨੂੰ ਕਾਇਮ ਰੱਖਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਚਨੌਲੀ, ਸਤਨਾਮ ਸਿੰਘ ਅਬਿਆਣਾ , ਜਸਪਾਲ ਸਿੰਘ ਗਰੇਵਾਲ, ਜਿੰਦਰਪਾਲ, ਮਨਦੀਪ ਸਿੰਘ, ਰੋਹਿਤ ਕੁਮਾਰ, ਰਵੀ ਕੁਮਾਰ, ਏ.ਪੀ.ਓ. ਰਮਨ ਕੁਮਾਰ, ਕਪਿਲ ਚੌਹਾਨ, ਮਨਪ੍ਰੀਤ ਕੌਰ ਹੋਰ ਮੁਲਾਜ਼ਮ ਹਾਜ਼ਰ ਸਨ।