ਫ਼ਤਹਿਗੜ੍ਹ ਸਾਹਿਬ, 25 ਜੂਨ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਵਿਵਾਦਿਤ ਵਾਇਰਲ ਵੀਡੀਓ ਦੀ ਪੰਜਾਬ ਸਰਕਾਰ ਅਤੇ ਉਸ ਦੇ ਨੁਮਾਇੰਦਿਆਂ ਵਲੋਂ ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਕੀਤੇ ਗਏ ਦਾਅਵਿਆਂ ਦੀ ਸਚਾਈ ਗੁਰੂਗ੍ਰਾਮ ਵਿਚ ਦਰਜ ਹੋਏ ਮੁਕੱਦਮੇ ਨਾਲ ਬੇਨਕਾਬ ਹੋ ਗਈ ਹੈ। ਭੱਟੀ ਫਾਰਮ ਸਰਹਿੰਦ ਵਿਖੇ ਸੱਦੀ ਪ੍ਰੈਸ ਕਾਨਫ਼ਰੰਸ ਦੌਰਾਨ ਸ. ਭੱਟੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਲਈ ਕਥਿਤ ਤੌਰ ’ਤੇ ਸੱਤਾ ਸ਼ਕਤੀ ਤੇ ਪੈਸੇ ਦੇ ਜ਼ੋਰ ਨਾਲ ਪੁਲਿਸ ਦੇ ਕੁਝ ਅਧਿਕਾਰੀਆਂ ਰਾਹੀਂ ਜਾਅਲੀ ਅਤੇ ਮਨਘੜਤ ਰਿਪੋਰਟਾਂ ਤਿਆਰ ਕਰਵਾਉਣ ਦਾ ਇਕ ਹੋਰ ਬੱਜਰ ਗੁਨਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਸਰਵਉੱਚ ਸਦੀਵੀ ਤਖ਼ਤ ਹੈ। ਇੱਥੋਂ ਜਾਰੀ ਹੋਣ ਵਾਲੇ ਹਰ ਹੁਕਮਨਾਮੇ ਅਤੇ ਸਿੰਘ ਸਾਹਿਬਾਨਾਂ ਦੇ ਆਦੇਸ਼ਾਂ ਨੂੰ ਸਮੂਹ ਸਿੱਖ ਕੌਮ ਅਦਬ ਸਤਿਕਾਰ ਨਾਲ ਮੰਨਦੀ ਹੈ। ਭਾਵੇਂ ਕੋਈ ਵੀ ਵਿਅਕਤੀ, ਚਾਹੇ ਉਹ ਕਿਸੇ ਵੀ ਰਾਜਨੀਤਿਕ ਅਹੁਦੇ ’ਤੇ ਕਿਉਂ ਨਾ ਬੈਠਾ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੋਂ ਉੱਪਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਅਣਦੇਖੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਟਕਰਾਅ ਦਾ ਰਾਹ ਅਪਣਾਉਣਾ ਸਿਰਫ਼ ਰਾਜਨੀਤਿਕ ਅਹੰਕਾਰ ਹੀ ਨਹੀਂ, ਸਗੋਂ ਪੰਥਕ ਮਰਿਆਦਾ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਗੰਭੀਰ ਅਪਰਾਧ ਹੈ। ਭੱਟੀ ਨੇ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਨ੍ਹਾਂ ਨੇ ਵੀ ਅਹੰਕਾਰ ਵੱਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦਿੱਤੀ ਜਾਂ ਮੱਥਾ ਲਾਇਆ, ਉਹ ਨਾ ਪੰਥ ਵਿਚ ਸਤਿਕਾਰ ਹਾਸਲ ਕਰ ਸਕੇ ਅਤੇ ਨਾ ਹੀ ਇਤਿਹਾਸ ਵਿਚ ਸਨਮਾਨ ਹਾਸਲ ਕਰ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਸਕੱਤਰ ਇੰਜੀ. ਕੰਵਰਵੀਰ ਸਿੰਘ ਟੌਹੜਾ, ਤਰਲੋਚਨ ਸਿੰਘ ਲਾਲੀ, ਪ੍ਰੀਤਇੰਦਰ ਸਿੰਘ ਵਜ਼ੀਰਾਬਾਦ ਅਤੇ ਹਰੀਸ਼ ਅਗਰਵਾਲ ਵੀ ਹਾਜ਼ਰ ਸਨ।